ਦਿੱਲੀ ਤੋਂ ਬਾਅਦ ਹੁਣ ਪੰਜਾਬ ''ਚ ਛਾਏ ਕੇਜਰੀਵਾਲ, ''ਵੈਕਸ ਮਿਊਜ਼ੀਅਮ'' ''ਚ ਲੱਗਾ ਬੁੱਤ
Sunday, Feb 16, 2020 - 11:11 AM (IST)

ਨਵੀਂ ਦਿੱਲੀ/ਲੁਧਿਆਣਾ— ਅਰਵਿੰਦ ਕੇਜਰੀਵਾਲ ਅੱਜ ਭਾਵ 16 ਫਰਵਰੀ ਨੂੰ ਤੀਜੀ ਵਾਰ ਰਾਮਲੀਲਾ ਮੈਦਾਨ 'ਚ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਮਲੀਲਾ ਮੈਦਾਨ 'ਚ ਉਨ੍ਹਾਂ ਨਾਲ 6 ਮੰਤਰੀ ਵੀ ਸਹੁੰ ਚੁੱਕਣਗੇ। ਸਮਾਰੋਹ ਕਈ ਮਾਇਨਿਆਂ 'ਚ ਖਾਸ ਹੋਵੇਗਾ, ਕਿਉਂਕਿ ਕੇਜਰੀਵਾਲ ਵਲੋਂ ਪੂਰੀ ਦਿੱਲੀ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਸਹੁੰ ਚੁੱਕ ਸਮਾਰੋਹ ਦੇ ਮੰਚ 'ਤੇ 'ਦਿੱਲੀ ਨੂੰ ਸੰਵਾਰਨ' 'ਚ ਯੋਗਦਾਨ ਦੇਣ ਵਾਲੇ 50 ਵਿਸ਼ੇਸ਼ ਮਹਿਮਾਨ ਵੀ ਰਹਿਣਗੇ। ਇਨ੍ਹਾਂ 'ਚ ਡਾਕਟਰ, ਅਧਿਆਪਕ, ਬਾਈਕ ਐਂਬੂਲੈਂਸ ਰਾਈਡਰਜ਼, ਸਫਾਈ ਕਰਮਚਾਰੀ, ਸਿਗਨੇਚਰ ਬ੍ਰਿਜ ਦੇ ਕੰਸਟ੍ਰਕਸ਼ਨ ਵਰਕਰਜ਼, ਬੱਸ ਮਾਰਸ਼ਲ, ਆਟੋ ਡਰਾਈਵਰ ਆਦਿ ਹਨ।
ਇਸ ਦਰਮਿਆਨ ਪੰਜਾਬ ਦੇ ਲੁਧਿਆਣਾ ਦੇ ਵੈਕਸ ਮਿਊਜ਼ੀਅਮ 'ਚ ਅਰਵਿੰਦ ਕੇਜਰੀਵਾਲ ਦਾ ਬੁੱਤ (ਸਟੈਚੂ) ਲਾਇਆ ਗਿਆ ਹੈ। ਇਸ ਵੈਕਸ ਮਿਊਜ਼ੀਅਮ 'ਚ ਬਰਾਕ ਓਬਾਮਾ ਤੋਂ ਲੈ ਕੇ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ, ਮਦਰ ਟਰੇਸਾ ਤੋਂ ਲੈ ਕੇ ਮਾਈਕਲ ਜੈਕਸਨ, ਸਲਮਾਨ ਖਾਨ ਅਤੇ ਸਚਿਨ ਤੇਂਦੁਲਕਰ ਵਰਗੀਆਂ ਵੱਡੀਆਂ ਹਸਤੀਆਂ ਦੇ ਵੈਕਸ ਸਟੈਚੂ (ਮੋਮ ਦੇ ਬੁੱਤ) ਲਾਏ ਗਏ ਹਨ। ਬੁੱਤ ਨੂੰ ਬਹੁਤ ਸੁੰਦਰ ਢੰਗ ਨਾਲ ਬਣਾਇਆ ਗਿਆ ਹੈ। ਕੇਜਰੀਵਾਲ ਦੇ ਸਿਰ 'ਤੇ ਮਫਰਲ ਹੈ। ਇਸ ਦੇ ਨਾਲ ਸਿਰ 'ਤੇ ਆਮ ਆਦਮੀ ਪਾਰਟੀ ਦੀ ਟੋਪੀ ਵੀ ਪਹਿਨਾਈ ਗਈ ਹੈ ਅਤੇ ਹੱਥ 'ਚ ਮਾਈਕ ਵੀ ਫੜਾਇਆ ਗਿਆ ਹੈ।
ਦੱਸਣਯੋਗ ਹੈ ਕਿ ਕੇਜਰੀਵਾਲ ਨੇ ਦਸੰਬਰ 2013 ਅਤੇ ਫਰਵਰੀ 2015 'ਚ ਰਾਮਲੀਲਾ ਮੈਦਾਨ 'ਚ ਸੀ. ਐੱਮ. ਅਹੁਦੇ ਦੀ ਸਹੁੰ ਚੁੱਕੀ ਸੀ। ਕੇਜਰੀਵਾਲ, ਸਾਬਕਾ ਸੀ. ਐੱਮ ਸਵ. ਸ਼ੀਲਾ ਦੀਕਸ਼ਤ ਤੋਂ ਬਾਅਦ ਦੂਜੇ ਅਜਿਹੇ ਵਿਅਕਤੀ ਹਨ, ਜੋ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਦਿੱਲੀ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ 'ਚੋਂ 'ਆਪ' ਪਾਰਟੀ ਨੇ 63 ਸੀਟਾਂ ਜਿੱਤੀਆਂ।