ਬੰਗਲਾਦੇਸ਼ ''ਚ ਕਸ਼ਮੀਰ ਦੀ ਮੈਡੀਕਲ ਵਿਦਿਆਰਥਣ ਦੀ ਮੌਤ, ਪਰਿਵਾਰ ਨੇ ਲਾਸ਼ ਘਾਟੀ ਲਿਆਉਣ ਦੀ ਲਗਾਈ ਗੁਹਾਰ
Wednesday, Sep 07, 2022 - 07:00 PM (IST)
ਸ਼੍ਰੀਨਗਰ (ਵਾਰਤਾ)- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੀ ਮੈਡੀਕਲ ਦੀ ਵਿਦਿਆਰਥਣ ਖੁਸ਼ਬੂ ਮੰਜ਼ੂਰ ਦੀ ਬੰਗਲਾਦੇਸ਼ 'ਚ ਇਕ ਹੋਸਟਲ ਦੀ ਇਮਾਰਤ ਤੋਂ ਡਿੱਗਣ ਨਾਲ ਬੁੱਧਵਾਰ ਸਵੇਰੇ ਮੌਤ ਹੋ ਗਈ। ਉਹ ਬੰਗਲਾਦੇਸ਼ ਦੇ ਖਵਾਜ਼ਾ ਯੂਨੁਸ ਅਲੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਐੱਮ.ਬੀ.ਬੀ.ਐੱਸ. ਦੀ ਤੀਜੇ ਸਾਲ ਦੀ ਪੜ੍ਹਾਈ ਕਰ ਰਹੀ ਸੀ। ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਤੋਂ ਕਾਲਜ ਦੇ ਹੋਰ ਵਿਦਿਆਰਥੀਆਂ ਨੇ ਖੁਸ਼ਬੂ ਦੀ ਲਾਸ਼ ਨੂੰ ਕਸ਼ਮੀਰ ਵਾਪਸ ਲਿਆਉਣ 'ਚ ਮਦਦ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਕਈ ਕਸ਼ਮੀਰੀ ਰਾਜਨੇਤਾਵਾਂ ਨੇ ਵਿਦੇਸ਼ ਮੰਤਰਾਲਾ ਨੂੰ ਖੁਸ਼ਬੂ ਮੰਜ਼ੂਰ ਦੀ ਲਾਸ਼ ਵਾਪਸ ਲਿਆਉਣ 'ਚ ਮਦਦ ਕਰਨ ਦੀ ਅਪੀਲ ਕੀਤੀ।
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕੀਤਾ,''ਖੁਸ਼ਬੂ ਦੇ ਪਰਿਵਾਰ ਦੇ ਮੈਂਬਰ ਉਸ ਦੀ ਲਾਸ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਉਸ ਨੂੰ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਸਾਹਮਣੇ ਦਫਨਾਇਆ ਜਾ ਸਕੇ, ਨਾ ਕਿ ਅਜਨਬੀਆਂ ਵਲੋਂ ਉਸ ਨੂੰ ਦਬਾਇਆ ਜਾਵੇ। ਕ੍ਰਿਪਾ ਮਦਦ ਕਰੋ।'' ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਵੀ ਵਿਦੇਸ਼ ਮੰਤਰਾਲਾ ਨੂੰ ਅਜਿਹੀ ਹੀ ਅਪੀਲ ਕੀਤੀ ਹੈ।