ਕਸ਼ਮੀਰ ਤੇ ਹਿਮਾਚਲ ’ਚ ਭਾਰੀ ਮੀਂਹ ਮਗਰੋਂ ਬਰਫ਼ਬਾਰੀ, ਚਿੱਟੀ ਚਾਦਰ ਨਾਲ ਢੱਕੇ ਕਈ ਇਲਾਕੇ

Friday, Sep 18, 2026 - 07:38 AM (IST)

ਕਸ਼ਮੀਰ ਤੇ ਹਿਮਾਚਲ ’ਚ ਭਾਰੀ ਮੀਂਹ ਮਗਰੋਂ ਬਰਫ਼ਬਾਰੀ, ਚਿੱਟੀ ਚਾਦਰ ਨਾਲ ਢੱਕੇ ਕਈ ਇਲਾਕੇ

ਸ਼੍ਰੀਨਗਰ (ਏਜੰਸੀ) - ਕਸ਼ਮੀਰ ਦੇ ਗੁਲਮਰਗ ਅਤੇ ਗੁਰੇਜ਼ ਦੇ ਉੱਚਾਈ ਵਾਲੇ ਇਲਾਕੇ ਵੀਰਵਾਰ ਨੂੰ ਮੌਸਮ ਦੀ ਪਹਿਲੀ ਬਰਫ਼ਬਾਰੀ ਨਾਲ ਚਿੱਟੀ ਚਾਦਰ ਨਾਲ ਢੱਕੇ ਗਏ, ਜਦਕਿ ਘਾਟੀ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਘਾਟੀ ਦੇ ਕੁਝ ਉੱਚਾਈ ਵਾਲੇ ਇਲਾਕਿਆਂ ’ਚ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਅਧਿਕਾਰੀਆਂ ਅਨੁਸਾਰ, ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਗੋਂਡੋਲਾ ਫੇਜ਼-2 ਅਤੇ ਅਫਰਵਾਤ ਖੇਤਰ ਸਮੇਤ ਮਸ਼ਹੂਰ ਸਕੀ ਰਿਜ਼ਾਰਟ ਗੁਲਮਰਗ ਦੇ ਉਪਰਲੇ ਇਲਾਕਿਆਂ ’ਚ ਰਾਤ ਵੇਲੇ ਬਰਫਬਾਰੀ ਹੋਈ।

ਉਨ੍ਹਾਂ ਦੱਸਿਆ ਕਿ ਬਰਫ ਦੀ ਪਤਲੀ ਚਿੱਟੀ ਪਰਤ ਨੇ ਉੱਚਾਈ ਵਾਲੇ ਇਲਾਕਿਆਂ ਨੂੰ ਢੱਕ ਦਿੱਤਾ। ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਸਰਹੱਦੀ ਗੁਰੇਜ਼ ਸੈਕਟਰ ਦੀ ਤੁਲੈਲ ਘਾਟੀ ਅਤੇ ਕਾਬੁਲੀ ਗਲੀ ’ਚ ਵੀ ਬਰਫਬਾਰੀ ਹੋਈ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਦੇ ਉੱਚਾਈ ਵਾਲੇ ਕੁਝ ਹੋਰ ਇਲਾਕਿਆਂ ’ਚ ਵੀ ਹਲਕੀ ਬਰਫ ਡਿੱਗੀ। ਉੱਥੇ ਹੀ, ਹਿਮਾਚਲ ’ਚ ਪਿਛਲੇ ਕੁਝ ਦਿਨਾਂ ਤੋਂ ਹਲਕਾ ਪਿਆ ਮਾਨਸੂਨ ਇਕ ਵਾਰ ਫਿਰ ਸਰਗਰਮ ਹੋ ਗਿਆ ਹੈ। ਬੀਤੀ ਰਾਤ ਤੋਂ ਵੀਰਵਾਰ ਸਵੇਰ ਤੱਕ ਸੂਬੇ ਦੇ ਕਈ ਹਿੱਸਿਆਂ ’ਚ ਤੇਜ਼ ਮੀਂਹ ਪਿਆ ਅਤੇ ਉੱਚੇ ਪਹਾੜੀ ਇਲਾਕਿਆਂ ’ਚ ਬਰਫਬਾਰੀ ਦਰਜ ਕੀਤੀ ਗਈ ਹੈ। 

ਇਸ ਦੇ ਨਾਲ ਹੀ ਰੋਹਤਾਂਗ ਦੱਰੇ ਅਤੇ ਲਾਹੌਲ-ਸਪਿਤੀ ਦੀਆਂ ਉੱਚੀਆਂ ਚੋਟੀਆਂ ਦੇ ਨਾਲ ਚੰਬਾ ਦੇ ਮਣੀਮਹੇਸ਼ ਖੇਤਰ ’ਚ ਵੀ ਬਰਫਬਾਰੀ ਹੋਈ ਹੈ। ਸ਼ਿਮਲਾ ਸਮੇਤ ਆਸ-ਪਾਸ ਦੇ ਪਹਾੜੀ ਖੇਤਰਾਂ ’ਚ ਮੀਂਹ ਤੋਂ ਬਾਅਦ ਤਾਪਮਾਨ ਡਿੱਗਣ ਨਾਲ ਠੰਡ ਵਧ ਗਈ ਹੈ। ਖਰਾਬ ਮੌਸਮ ਦਰਮਿਆਨ ਲਾਹੌਲ ਘਾਟੀ ਦੇ ਗਰਸ਼ਾ ਖੇਤਰ ’ਚ ਪਵਿੱਤਰ ਡ੍ਰਿਲਬੁਰੀ ਪਰਬਤ ਦੀ 16ਵੀਂ ਮਹਾਪਰਿਕਰਮਾ ਦੌਰਾਨ ਭਾਰੀ ਬਰਫਬਾਰੀ, ਕੜਾਕੇ ਦੀ ਠੰਡ ਅਤੇ ਤਿਲਕਣ ਕਾਰਨ 2 ਔਰਤ ਸ਼ਰਧਾਲੂਆਂ ਦੀ ਮੌਤ ਹੋ ਗਈ।

ਪੂਰੇ ਸੂਬੇ ’ਚ ਕੁੱਲ 60 ਸੜਕਾਂ ਪ੍ਰਭਾਵਿਤ ਹਨ। ਸਭ ਤੋਂ ਜ਼ਿਆਦਾ ਮੰਡੀ ਜ਼ਿਲ੍ਹੇ ’ਚ 33 ਸੜਕਾਂ ਬੰਦ ਹਨ। ਕਾਂਗੜਾ ’ਚ 10, ਲਾਹੌਲ-ਸਪਿਤੀ ’ਚ 9, ਸਿਰਮੌਰ ਤੇ ਸੋਲਨ ’ਚ 3-3 ਅਤੇ ਕੁੱਲੂ ’ਚ 2 ਸੜਕਾਂ ਬੰਦ ਹਨ। ਬਿਜਲੀ ਦੇ ਕੁੱਲ 31 ਟਰਾਂਸਫਾਰਮਰ ਠੱਪ ਪਏ ਹਨ। ਇਨ੍ਹਾਂ ’ਚੋਂ 30 ਟਰਾਂਸਫਾਰਮਰ ਇਕੱਲੇ ਸਿਰਮੌਰ ਜ਼ਿਲ੍ਹੇ ਦੇ ਰਾਜਗੜ੍ਹ ਸਬ-ਡਿਵੀਜ਼ਨ ’ਚ ਅਤੇ 1 ਸ਼ਿਮਲਾ ਦੇ ਰਾਮਪੁਰ ’ਚ ਬੰਦ ਹਨ। ਸੂਬੇ ਨੂੰ ਹੁਣ ਤੱਕ ਲੱਗਭਗ 3212 ਕਰੋੜ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋ ਚੁੱਕਾ ਹੈ। ਮਾਨਸੂਨ ਕਾਰਨ ਪੈਦਾ ਹੋਈਆਂ ਆਫਤਾਂ ਕਾਰਨ ਕੁੱਲ 128 ਲੋਕਾਂ ਦੀ ਜਾਨ ਗਈ ਹੈ।


author

rajwinder kaur

Content Editor

Related News