ਆਗਰਾ ’ਚ ਕਰਣੀ ਸੈਨਾ ਦਾ ਹੰਗਾਮਾ, ਹਾਈਵੇਅ ਜਾਮ, ਤਲਵਾਰਾਂ ਲਹਿਰਾਈਆਂ

Saturday, Apr 12, 2025 - 10:28 PM (IST)

ਆਗਰਾ ’ਚ ਕਰਣੀ ਸੈਨਾ ਦਾ ਹੰਗਾਮਾ, ਹਾਈਵੇਅ ਜਾਮ, ਤਲਵਾਰਾਂ ਲਹਿਰਾਈਆਂ

ਆਗਰਾ- ਆਗਰਾ ’ਚ ਸ਼ਨੀਵਾਰ ਨੂੰ ਕਰਣੀ ਸੈਨਾ ਦੇ ਪ੍ਰਦਰਸ਼ਨ ਨੇ ਹਿੰਸਕ ਰੂਪ ਧਾਰ ਲਿਆ। ਸਪਾ ਦੇ ਸੰਸਦ ਮੈਂਬਰ ਰਾਮਜੀ ਲਾਲ ਸੁਮਨ ਦੇ ਘਰ ਵੱਲ ਕੂਚ ਦੇ ਐਲਾਨ ਤੋਂ ਬਾਅਦ ਕਰਣੀ ਸੈਨਾ ਦੇ ਹਜ਼ਾਰਾਂ ਵਰਕਰ ਸੜਕਾਂ ’ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਨੇ ਰਸਤੇ ’ਚ ਲੱਗੀ ਪੁਲਸ ਬੈਰੀਕੇਡਿੰਗ ਨੂੰ ਡੰਡਿਆਂ ਨਾਲ ਤੋੜ ਦਿੱਤਾ ਅਤੇ ਤਲਵਾਰਾਂ ਲਹਿਰਾਉਂਦੇ ਹੋਏ ਨੈਸ਼ਨਲ ਹਾਈਵੇਅ ਨੂੰ ਕਈ ਘੰਟਿਆਂ ਤੱਕ ਜਾਮ ਕਰ ਦਿੱਤਾ। ਸ਼ਹਿਰ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਤਣਾਅ ਭਰੀ ਬਣੀ ਹੋਈ ਹੈ। ਪ੍ਰੋਗਰਾਮ ਵਾਲੀ ਥਾਂ ’ਤੇ ਪੁਲਸ ਦੇ ਪੁੱਜਦਿਆਂ ਮਾਹੌਲ ਗਰਮਾ ਗਿਆ। ਕਰਣੀ ਸੈਨਾ ਦੇ ਵਰਕਰਾਂ ਨੇ ਪੁਲਸ ਨੂੰ ਘੇਰ ਲਿਆ ਅਤੇ ਤਲਵਾਰਾਂ ਅਤੇ ਡੰਡੇ ਲਹਿਰਾਉਣ ਲੱਗੇ। ਪੁਲਸ ਨੂੰ ਆਯੋਜਨ ਵਾਲੀ ਥਾਂ ਤੋਂ ਪਿੱਛੇ ਹੱਟਣਾ ਪਿਆ। ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪੁਲਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ।

ਕਰਣੀ ਸੈਨਾ ਯੁਵਾ ਵਿੰਗ ਦੇ ਕੌਮੀ ਪ੍ਰਧਾਨ ਓਕੇਂਦਰ ਰਾਣਾ ਨੇ ਕਿਹਾ, ‘‘ਪ੍ਰਸ਼ਾਸਨ ਸਾਨੂੰ ਰੋਕ ਨਹੀਂ ਸਕੇਗਾ। ਅਸੀ ਆਪਣਾ ਕੰਮ ਕਰਾਂਗੇ, ਪ੍ਰਸ਼ਾਸਨ ਆਪਣਾ ਕੰਮ ਕਰੇ। ਅਸੀਂ ਪੂਰੀ ਤਿਆਰੀ ਨਾਲ ਆਏ ਹਾਂ, ਪਿੱਛੇ ਹਟਣਾ ਸਾਡੇ ਏਜੰਡੇ ’ਚ ਨਹੀਂ ਹੈ।’’ ਸਥਿਤੀ ਨੂੰ ਵੇਖਦੇ ਹੋਏ ਪੁਲਸ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਇਕ ਕਿਲੋਮੀਟਰ ਤੱਕ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਸਪਾ ਦੇ ਸੰਸਦ ਮੈਂਬਰ ਰਾਮਜੀ ਲਾਲ ਸੁਮਨ ਨੇ ਕਿਹਾ ਕਿ ਕਤਲ ਦੀ ਧਮਕੀ ਦਿੱਤੀ ਗਈ ਹੈ, ਵੇਖਿਆ ਜਾਵੇਗਾ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਇਟਾਵਾ ’ਚ ਮੀਡੀਆ ਨਾਲ ਗੱਲਬਾਤ ’ਚ ਕਰਣੀ ਸੈਨਾ ’ਤੇ ਸਿੱਧਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ, ‘‘ਸੈਨਾ-ਵੈਨਾ ਸਭ ਨਕਲੀ ਹੈ। ਇਹ ਸਭ ਭਾਜਪਾ ਦੀ ਗੇਮ ਹੈ। ਜੋ ਸਾਡੇ ਰਾਮਜੀ ਲਾਲ ਸੁਮਨ ਦਾ ਅਪਮਾਨ ਕਰੇਗਾ, ਸਮਾਜਵਾਦੀ ਪਾਰਟੀ ਉਸ ਦੇ ਖਿਲਾਫ ਖੜ੍ਹੀ ਨਜ਼ਰ ਆਵੇਗੀ।’’


author

Rakesh

Content Editor

Related News