ਕਰਨਾਟਕ ''ਚ ਸਕੂਲਾਂ ਦੇ ਖੁੱਲ੍ਹਣ ਤੋਂ ਬਾਅਦ 211 ਅਧਿਆਪਕ ਪਾਏ ਗਏ ਕੋਰੋਨਾ ਪਾਜ਼ੇਟਿਵ
Saturday, Jan 09, 2021 - 03:51 PM (IST)
ਬੈਂਗਲੁਰੂ- ਕਰਨਾਟਕ 'ਚ ਪਿਛਲੇ ਹਫ਼ਤੇ ਸਕੂਲਾਂ ਦੇ ਮੁੜ ਖੁੱਲ੍ਹਣ ਤੋਂ ਬਾਅਦ ਘੱਟੋ-ਘੱਟ 211 ਅਧਿਆਪਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਅਤੇ ਇਸ 'ਚ ਗੈਰ ਸਿੱਖਿਅਕ ਕਰਮੀਆਂ ਨੂੰ ਜੋੜਿਆ ਜਾਵੇ ਤਾਂ ਪੀੜਤਾਂ ਦਾ ਅੰਕੜਾ 236 ਪਹੁੰਚ ਗਿਆ ਹੈ। ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਰਕਾਰ ਨੇ ਸਿੱਖਿਆ ਸੰਸਥਾਵਾਂ ਨੂੰ ਫਿਰ ਤੋਂ ਖੋਲ੍ਹਣ ਤੋਂ ਪਹਿਲਾਂ ਸਾਰੇ ਅਧਿਆਪਕਾਂ ਅਤੇ ਗੈਰ ਸਿੱਖਿਅਕ ਕਰਮੀਆਂ ਲਈ ਕੋਰੋਨਾ ਜਾਂਚ ਜ਼ਰੂਰ ਕਰ ਦਿੱਤੀ ਹੈ। ਉੱਤਰ ਕੰਨੜ ਜ਼ਿਲ੍ਹੇ 'ਚ 20 ਲੋਕ ਕੋਰੋਨਾ ਨਾਲ ਪੀੜਤ ਪਾਏ ਗਏ ਹਨ, ਜਦੋਂ ਕਿ ਬੇਲਗਾਵੀ 'ਚ 19 ਅਧਿਆਪਕ ਅਤੇ ਗੈਰ ਸਿੱਖਿਅਕ ਕਰਮੀਆਂ 'ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।
ਸ਼ਿਵਮੋਗਾ, ਹਾਸਨ ਅਤੇ ਮਾਂਡਯਾ ਜ਼ਿਲ੍ਹਿਆਂ 'ਚ 39 ਅਧਿਆਪਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਦੋਂ ਕਿ ਤੁਮਕੁਰੂ, ਮੈਸੁਰੂ, ਚਮਰਾਜਨਗਰ ਅਤੇ ਗਡਗ ਜ਼ਿਲ੍ਹਿਆਂ 'ਚ 2 ਗੈਰ ਸਿੱਖਿਅਕ ਕਰਮੀਆਂ ਸਮੇਤ 45 ਅਧਿਆਪਕ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਸੂਬੇ 'ਚ ਇਕ ਜਨਵਰੀ ਤੋਂ 10ਵੀਂ ਅਤੇ 12ਵੀਂ ਜਮਾਤਾਂ ਦੀ ਪੜ੍ਹਾਈ ਲਈ ਸਕੂਲਾਂ ਨੂੰ ਮੁੜ ਖੋਲ੍ਹ ਦਿੱਤਾ ਗਿਆ।