ਇਸੇ ਸਾਲ 5 ਗਰੰਟੀਆਂ ਪੂਰੀਆਂ ਕਰੇਗੀ ਕਰਨਾਟਕ ਸਰਕਾਰ, CM ਸਿੱਧਰਮਈਆ ਨੇ ਕੀਤਾ ਐਲਾਨ
Friday, Jun 02, 2023 - 06:01 PM (IST)
ਬੇਂਗਲੁਰੂ- ਕਾਂਗਰਸ ਨੇ ਕਰਨਾਟਕ ਚੋਣਾਂ ਦੇ ਸਮੇਂ ਜੋ ਵਾਅਦੇ ਕੀਤੇ ਸਨ, ਉਨ੍ਹਾਂ 'ਚੋਂ 5 ਇਸੇ ਸਾਲ ਪੂਰੇ ਕੀਤੇ ਜਾਣਗੇ। ਕਰਨਾਟਕ ਸਰਕਾਰ ਦੇ ਮੰਤਰੀ ਮੰਡਲ ਦੀ ਸ਼ੁੱਕਰਵਾਰ (2 ਜੂਨ) ਨੂੰ ਬੈਠਕ ਹੋਈ। ਬੈਠਕ ਤੋਂ ਬਾਅਦ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਸਮੇਂ ਅਤੇ ਉਸ ਤੋਂ ਪਹਿਲਾਂ ਜੋ 5 ਗਰੰਟੀਆਂ ਦਿੱਤੀਆਂ ਸਨ ਉਹ ਇਸੇ ਵਿੱਤੀ ਸਾਲ 'ਚ ਪੂਰੀਆਂ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਅਸੀਂ ਅੱਜ ਕੈਬਨਿਟ ਦੀ ਬੈਠਕ ਕੀਤੀ, ਸਾਰੀਆਂ 5 ਗੰਰੀਟਾਂ 'ਤੇ ਗੰਭੀਰ ਚਰਚਾ ਕੀਤੀ ਅਤੇ ਅਸੀਂ ਤੈਅ ਕੀਤਾ ਕਿ ਸਾਰੀਆਂ 5 ਗਰੰਟੀਆਂ ਨੂੰ ਚਾਲੂ ਵਿੱਤੀ ਸਾਲ 'ਚ ਲਾਗੂ ਕਰਾਂਗੇ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਮੰਤਰੀ ਮੰਡਲ ਨੇ ਜਾਤੀ ਜਾਂ ਧਰਮ ਦੇ ਆਧਾਰ 'ਤੇ ਕਿਸੇ ਵੀ ਭੇਦਭਾਵ ਦੇ ਬਿਨਾਂ 5 ਗੰਰੀਟਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਇਹ 5 ਗਰੰਟੀਆਂ ਇਸੇ ਸਾਲ ਪੂਰੀਆਂ ਕਰੇਗੀ ਕਰਨਾਟਕ ਸਰਕਾਰ
- (ਗ੍ਰਹਿ ਲਕਸ਼ਮੀ ਯੋਜਨਾ) ਪਰਿਵਾਰ ਦੀ ਮਹਿਲਾ ਮੁਖੀ ਲਈ 2,000 ਰੁਪਏ ਮਹੀਨਾ ਸਹਾਇਤਾ ਦੀ ਗ੍ਰਹਿ ਲਕਸ਼ਮੀ ਯੋਜਨਾ 15 ਅਗਸਤ ਨੂੰ ਸ਼ੁਰੂ ਕੀਤੀ ਜਾਵੇਗੀ।
- (ਅੰਨ ਭਾਗ ਯੋਜਨਾ) 1 ਜੁਲਾਈ ਤੋਂ ਬੀ.ਪੀ.ਐੱਲ. ਪਰਿਵਾਰਾਂ, ਅੰਤੋਦਿਆ ਕਾਰਡ ਧਾਰਕਾਂ ਨੂੰ 10 ਕਿੱਲੋ ਅਨਾਜ ਮੁਫ਼ਤ ਦਿੱਤਾ ਜਾਵੇਗਾ।
- (ਸ਼ਕਤੀ ਯੋਜਨਾ) ਕਰਨਾਟਕ 'ਚ 1 ਜੂਨ ਤੋਂ ਔਰਤਾਂ ਏ.ਸੀ., ਲਗਜ਼ਰੀ ਬੱਸਾਂ ਨੂੰ ਛੱਡ ਕੇ ਜਨਤਕ ਟਰਾਂਸਪੋਰਟ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਣਗੀਆਂ।
- (ਯੁਵਾਨਿਧੀ ਯੋਜਨਾ) 2022-23 ਵਿੱਚ ਪਾਸ ਹੋਏ ਬੇਰੁਜ਼ਗਾਰ ਗ੍ਰੈਜੂਏਟਾਂ ਨੂੰ 3 ਹਜ਼ਾਰ ਰੁਪਏ, ਬੇਰੁਜ਼ਗਾਰ ਡਿਪਲੋਮਾ ਹੋਲਡਰਾਂ ਨੂੰ 24 ਮਹੀਨਿਆਂ ਲਈ 1500 ਰੁਪਏ ਦਿੱਤੇ ਜਾਣਗੇ।
- (ਗ੍ਰਹਿ ਜੋਤੀ ਯੋਜਨਾ) 1 ਜੁਲਾਈ ਤੋਂ ਸਾਰੇ ਪਰਿਵਾਰਾਂ ਨੂੰ ਹਰ ਮਹੀਨੇ 200 ਯੂਨਿਟ ਮੁਫ਼ਤ ਬਿਜਲੀ ਮਿਲੇਗੀ ਪਰ ਗਾਹਕਾਂ ਨੂੰ ਬਕਾਇਆ ਅਦਾ ਕਰਨਾ ਹੋਵੇਗਾ।