ਕਰਨਾਟਕ ’ਚ ਰੱਦ ਹੋਵੇਗਾ ਧਰਮ-ਤਬਦੀਲੀ ਰੋਕੂ ਕਾਨੂੰਨ, ਮੰਤਰੀ ਮੰਡਲ ਨੇ ਲਾਈ ਮੋਹਰ

06/16/2023 3:06:10 PM

ਬੇਂਗਲੁਰੂ, (ਭਾਸ਼ਾ)- ਕਰਨਾਟਕ ਮੰਤਰੀ ਮੰਡਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਾਬਕਾ ਸਰਕਾਰ ਵੱਲੋਂ ਲਿਆਂਦੇ ਗਏ ਧਰਮ-ਤਬਦੀਲੀ ਰੋਕੂ ਕਾਨੂੰਨ ਨੂੰ ਰੱਦ ਕਰਨ ਦਾ ਵੀਰਵਾਰ ਨੂੰ ਫੈਸਲਾ ਕੀਤਾ। ਸੂਬਾ ਸਰਕਾਰ ਆਉਂਦੀ 3 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ’ਚ ਇਸ ਸਬੰਧ ’ਚ ਇਕ ਬਿੱਲ ਲਿਆਏਗੀ। ਕਾਨੂੰਨ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਐੱਚ. ਕੇ. ਪਾਟਿਲ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਕੈਬਨਿਟ ਨੇ ਧਰਮ-ਤਬਦੀਲੀ ਵਿਰੋਧੀ ਬਿੱਲ ’ਤੇ ਚਰਚਾ ਕੀਤੀ। ਅਸੀਂ 2022 ’ਚ ਤਤਕਾਲੀ (ਭਾਜਪਾ) ਸਰਕਾਰ ਵੱਲੋਂ ਕੀਤੇ ਗਏ ਬਦਲਾਵਾਂ ਨੂੰ ਰੱਦ ਕਰਨ ਲਈ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ 3 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ’ਚ ਪੇਸ਼ ਕੀਤਾ ਜਾਵੇਗਾ।’’

ਕਾਂਗਰਸ ਦੇ ਵਿਰੋਧ ਦਰਮਿਆਨ ਕਰਨਾਟਕ ਧਰਮ ਦੀ ਸੁਤੰਤਰਤਾ ਦੇ ਅਧਿਕਾਰ ਦੀ ਹਿਫਾਜ਼ਤ ਕਾਨੂੰਨ (ਧਰਮ-ਤਬਦੀਲੀ ਰੋਕੂ ਕਾਨੂੰਨ) 2022 ’ਚ ਲਾਗੂ ਹੋਇਆ ਸੀ। ਮੌਜੂਦਾ ਕਾਨੂੰਨ ’ਚ ਧਰਮ ਦੀ ਸੁਤੰਤਰਤਾ ਦੇ ਅਧਿਕਾਰ ਦੀ ਸੁਰੱਖਿਆ ਦੇ ਨਾਲ ਹੀ ਬਲਪੂਰਵਕ, ਅਣਉਚਿਤ ਪ੍ਰਭਾਵ, ਜ਼ਬਰਦਸਤੀ, ਲਾਲਚ ਜਾਂ ਧੋਖਾਦੇਹੀ ਨਾਲ ਧਰਮ-ਤਬਦੀਲੀ ’ਤੇ ਰੋਕ ਦੀ ਵਿਵਸਥਾ ਹੈ। ਇਸ ’ਚ 25,000 ਰੁਪਏ ਦੇ ਜੁਰਮਾਨੇ ਦੇ ਨਾਲ 3 ਤੋਂ 5 ਸਾਲ ਦੀ ਕੈਦ ਦੀ ਵਿਵਸਥਾ ਹੈ, ਜਦੋਂਕਿ ਨਾਬਾਲਗਾਂ, ਔਰਤਾਂ, ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਸੰਬੰਧ ’ਚ ਵਿਵਸਥਾਵਾਂ ਦੀ ਉਲੰਘਣਾ ’ਤੇ ਮੁਲਜ਼ਮਾਂ ਨੂੰ 3 ਤੋਂ 10 ਸਾਲ ਦੀ ਜੇਲ ਅਤੇ ਘੱਟੋ–ਘੱਟ 50,000 ਰੁਪਏ ਦਾ ਜੁਰਮਾਨਾ ਹੋਵੇਗਾ।

ਭਾਜਪਾ ਨੇ ਕਾਂਗਰਸ ਨੂੰ ਦੱਸਿਆ ‘ਨਵੀਂ ਮੁਸਲਿਮ ਲੀਗ’

ਉੱਧਰ ਭਾਜਪਾ ਨੇ ਸਰਕਾਰ ਦੇ ਇਸ ਫੈਸਲੇ ’ਤੇ ਤਿੱਖੀ ਪ੍ਰਤੀਕਿਰਿਆ ਜਤਾਈ ਅਤੇ ਐੱਮ. ਮਲਿਕਾਰਜੁਨ ਖੜਗੇ ਦੀ ਅਗਵਾਈ ਵਾਲੀ ਕਾਂਗਰਸ ਨੂੰ ‘ਨਵੀਂ ਮੁਸਲਿਮ ਲੀਗ’ ਕਰਾਰ ਦਿੱਤਾ। ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਬੀ. ਆਰ. ਪਾਟਿਲ ਨੇ ਟਵਿੱਟਰ ’ਤੇ ਸਵਾਲ ਕੀਤਾ,‘ਰਾਹੁਲ ਗਾਂਧੀ, ਕੀ ਇਹ ‘ਮੁਹੱਬਤ ਦੀ ਦੁਕਾਨ’ ਹੈ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿੱਧਰਮੱਈਆ ਦਾ ਹਿੰਦੂ ਵਿਰੋਧੀ ਏਜੰਡਾ ਸਾਹਮਣੇ ਆ ਗਿਆ ਹੈ।

ਸਿਲੇਬਸ ’ਚੋਂ ਹਟਣਗੇ ਹੈਡਗੇਵਾਰ ਅਤੇ ਸਾਵਰਕਰ ਨਾਲ ਜੁੜੇ ਅਧਿਆਏ

ਕਰਨਾਟਕ ਮੰਤਰੀ ਮੰਡਲ ਨੇ ਵੀਰਵਾਰ ਨੂੰ ਮੌਜੂਦਾ ਵਿੱਦਿਅਕ ਸਾਲ ਲਈ ਸੂਬੇ ’ਚ ਜਮਾਤ 6ਵੀਂ ਤੋਂ 10ਵੀਂ ਤੱਕ ਦੀਆਂ ਕੰਨੜ ਅਤੇ ਸਮਾਜਿਕ ਵਿਗਿਆਨ ਦੀਆਂ ਪਾਠ-ਪੁਸਤਕਾਂ ਦੀ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਸੰਸਥਾਪਕ ਕੇਸ਼ਵ ਬਲਿਰਾਮ ਹੈਡਗੇਵਾਰ ਅਤੇ ਹਿੰਦੂਤਵ ਵਿਚਾਰਕ ਵੀ. ਡੀ. ਸਾਵਰਕਰ ਸਮੇਤ ਹੋਰ ਲੋਕਾਂ ’ਤੇ ਕੇਂਦਰਿਤ ਅਧਿਆਇਆਂ ਨੂੰ ਹਟਾਉਣ ਦਾ ਫੈਸਲਾ ਕੀਤਾ।

ਕੈਬਨਿਟ ਦੀ ਬੈਠਕ ’ਚ ਇਹ ਵੀ ਫੈਸਲਾ ਕੀਤਾ ਗਿਆ ਕਿ ਸਾਵਿੱਤਰੀਬਾਈ ਫੂਲੇ, ਇੰਦਰਾ ਗਾਂਧੀ ਨੂੰ ਲਿਖੇ ਗਏ ਨਹਿਰੂ ਦੇ ਪੱਤਰਾਂ ਅਤੇ ਬੀ. ਆਰ. ਅੰਬੇਡਕਰ ’ਤੇ ਕਵਿਤਾ ਨੂੰ ਕੋਰਸ ’ਚ ਸ਼ਾਮਲ ਕੀਤਾ ਜਾਵੇਗਾ ਅਤੇ ਭਾਜਪਾ ਦੀ ਸਾਬਕਾ ਸਰਕਾਰ ਵੱਲੋਂ ਕੀਤੇ ਗਏ ਬਦਲਾਵਾਂ ਨੂੰ ਹਟਾਇਆ ਜਾਵੇਗਾ। ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਵਾਅਦਾ ਕੀਤਾ ਸੀ ਕਿ ਉਹ ਸਕੂਲੀ ਪਾਠ-ਪੁਸਤਕਾਂ ’ਚ ਭਾਜਪਾ ਸਰਕਾਰ ਵੱਲੋਂ ਕੀਤੇ ਗਏ ਬਦਲਾਵਾਂ ਨੂੰ ਹਟਾ ਦੇਵੇਗੀ।


Rakesh

Content Editor

Related News