ਕਰਨਾਲ ਧਰਨਾ ਖ਼ਤਮ, ਚਢੂਨੀ ਬੋਲੇ- ਜਿੱਤ ਦਾ ਮੂਲ ਮੰਤਰ- ‘ਸ਼ਾਂਤੀ ਨਾਲ ਡਟੇ ਰਹੋ’
Saturday, Sep 11, 2021 - 01:25 PM (IST)
ਕਰਨਾਲ— ਹਰਿਆਣਾ ਦੇ ਕਰਨਾਲ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਵਿਵਾਦ ਖ਼ਤਮ ਹੋ ਗਿਆ ਹੈ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ’ਚ ਸਹਿਮਤੀ ਬਣੀ ਹੈ, ਇਸ ਦੇ ਨਾਲ ਹੀ ਕਰਨਾਲ ਧਰਨਾ ਖ਼ਤਮ ਹੋ ਗਿਆ। ਦਰਅਸਲ 28 ਅਗਸਤ ਨੂੰ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਕਿਸਾਨਾਂ ਨੇ ਮਿੰਨੀ ਸਕੱਤਰੇਤ ਕਰਨਾਲ ਦਾ ਘਿਰਾਓ ਕੀਤਾ ਹੋਇਆ ਸੀ। ਪ੍ਰਸ਼ਾਸਨ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ, ਜਿਸ ਤੋਂ ਬਾਅਦ ਹਰਿਆਣਾ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਰਨਾਲ ਧਰਨੇ ’ਚ ਪੁੱਜੇ ਕਿਸਾਨਾਂ ਨੂੰ ਸੰਬੋਧਨ ਕੀਤਾ।
ਇਹ ਵੀ ਪੜ੍ਹੋ : ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ, ਕਰਨਾਲ ਧਰਨਾ ਖ਼ਤਮ ਕਰਨ ਦਾ ਐਲਾਨ
ਸੰਬੋਧਨ ਵਿਚ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਕਰਨਾਲ ਮੋਰਚੇ ’ਚ ਕਿਸਾਨਾਂ ਦੀ ਜਿੱਤ ਹੋਈ ਹੈ। ਕਿਸਾਨਾਂ ਦੀ ਏਕਤਾ ਅੱਗੇ ਭਾਜਪਾ ਸਰਕਾਰ ਨੇ ਗੋਡੇ ਟੇਕ ਦਿੱਤੇ। ਸ਼ਹੀਦ ਸੁਸ਼ੀਲ ਕਾਜਲ ਦੇ ਪਰਿਵਾਰ ਨੂੰ ਨੌਕਰੀ ਮਿਲੇਗੀ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਨਿਆਂਇਕ ਜਾਂਚ ਹੋਵੇਗੀ। ਚਢੂਨੀ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਹੀ ਅੰਦੋਲਨ ਜਿੱਤੇ ਜਾਂਦੇ ਹਨ। ਅੰਦੋਲਨ ਕੁਰਬਾਨੀ ਮੰਗਦਾ ਹੈ, ਇੰਨੀਆਂ ਕੁਰਬਾਨੀਆਂ ਦਿਓ ਕਿ ਲੋਕ ਤੁਹਾਨੂੰ ਯਾਦ ਰੱਖਣ। ਜਿੱਤ ਦਾ ਮੂਲ ਮੰਤਰ- ਸ਼ਾਂਤੀ ਨਾਲ ਡਟੇ ਰਹੋ। ਜੇਕਰ ਪੁਲਸ ਲਾਠੀ ਮਾਰੇ ਤਾਂ ਖੁਸ਼ ਹੋ ਕੇ ਸਵਾਗਤ ਕਰੋ, ਜਵਾਬ ਨਾ ਦਿਓ। ਚਢੂਨੀ ਨੇ ਇਹ ਵੀ ਕਿਹਾ ਕਿ ਪੁਲਸ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜੇਕਰ ਅਸੀਂ ਆਪਣੇ ਲੋਕਾਂ ਨੂੰ ਭਾਜਪਾ-ਜੇ. ਜੇ. ਪੀ. ਖ਼ਿਲਾਫ਼ ਹਲਕਾ ਲਾਠੀਚਾਰਜ ਕਰਨ ਦਾ ਹੁਕਮ ਦੇ ਦਿੱਤਾ ਤਾਂ ਮਾਹੌਲ ਵਿਗੜੇਗਾ ਪਰ ਅਸੀਂ ਕਿਸਾਨਾਂ ਨੂੰ ਅਨੁਸ਼ਾਸਨ ਅਤੇ ਜ਼ਾਬਤੇ ’ਚ ਰਹਿਣ ਦੀ ਅਪੀਲ ਕਰਦੇ ਹਾਂ। ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਘਿਰਾਓ ਜਾਰੀ ਰਹੇਗਾ। ਇਨ੍ਹਾਂ ਸ਼ਬਦਾਂ ਨਾਲ ਕਰਨਾਲ ਧਰਨਾ ਖਤਮ ਹੋਇਆ।
ਇਹ ਵੀ ਪੜ੍ਹੋ : ਕਰਨਾਲ ਬਹਾਨੇ ਅੰਦੋਲਨ ਨੂੰ ਖਿਲਾਰਨਾ ਚਾਹੁੰਦੀ ਹੈ ਭਾਜਪਾ ਸਰਕਾਰ : ਰਾਜੇਵਾਲ (ਵੀਡੀਓ)
ਇਹ ਬਣੀ ਕਿਸਾਨਾਂ ਅਤੇ ਪ੍ਰਸ਼ਾਸਨ ’ਚ ਸਹਿਮਤੀ—
— ਹਰਿਆਣਾ ਸਰਕਾਰ 28 ਅਗਸਤ ਨੂੰ ਬਸਤਾੜਾ ਟੋਲ ’ਤੇ ਹੋਏ ਲਾਠੀਚਾਰਜ ਦੀ ਨਿਆਇਕ ਜਾਂਚ ਕਰਵਾਏਗੀ, ਜੋ ਕਿ ਸੇਵਾਮੁਕਤ ਹਾਈ ਕੋਰਟ ਦੇ ਜੱਜ ਕਰਨਗੇ।
— ਲਾਠੀਚਾਰਜ ਦਾ ਆਦੇਸ਼ ਦੇਣ ਵਾਲੇ ਤੱਤਕਾਲੀਨ ਐੱਸ. ਡੀ. ਐੱਮ. ਆਯੂਸ਼ ਸਿਨਹਾ ਖ਼ਿਲਾਫ਼ ਨਿਆਇਕ ਜਾਂਚ ਹੋਵੇਗੀ।
— ਜਾਂਚ ਦੌਰਾਨ ਆਯੂਸ਼ ਸਿਨਹਾ ਇਕ ਮਹੀਨੇ ਦੀ ਛੁੱਟੀ ’ਤੇ ਰਹਿਣਗੇ।
— ਹਰਿਆਣਾ ਸਰਕਾਰ ਮਿ੍ਰਤਕ ਕਿਸਾਨ ਸੁਸ਼ੀਲ ਕਾਜਲ ਦੇ ਦੋ ਪਰਿਵਾਰਕ ਮੈਂਬਰਾਂ ਨੂੰ ਡੀ. ਸੀ. ਰੇਟ ਮਨਜ਼ੂਰਸ਼ੁਦਾ ਪੋਸਟ ’ਤੇ ਨੌਕਰੀ ਦੇਵੇਗੀ।
ਇਹ ਵੀ ਪੜ੍ਹੋ : ਰਣਦੀਪ ਸੁਰਜੇਵਾਲਾ ਨੇ ਸਾਂਝੀ ਕੀਤੀ ਵੀਡੀਓ, ਦੱਸਿਆ ਕਿਉਂ ਨਹੀਂ ਹੋ ਰਹੀ SDM 'ਤੇ ਕਾਰਵਾਈ
ਕੀ ਹੈ ਪੂਰਾ ਘਟਨਾਕ੍ਰਮ—
ਦੱਸਣਯੋਗ ਹੈ ਕਿ 28 ਅਗਸਤ ਨੂੰ ਪੁਲਸ ਨੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਸੀ। ਦਰਅਸਲ ਕਿਸਾਨ ਇੱਥੇ ਭਾਜਪਾ ਦੀ ਬੈਠਕ ਦਾ ਵਿਰੋਧ ਕਰਨ ਪੁੱਜੇ ਸਨ। ਇਸ ਲਾਠੀਚਾਰਜ ਵਿਚ ਰਾਏਪੁਰ ਜਟਾਨ ਪਿੰਡ ਦੇ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਹੋ ਗਈ ਸੀ। ਇਸ ਦੇ ਵਿਰੋਧ ਵਿਚ ਕਿਸਾਨਾਂ ਨੇ 7 ਸਤੰਬਰ ਨੂੰ ਕਰਨਾਲ ਅਨਾਜ ਮੰਡੀ ’ਚ ਮਹਾਪੰਚਾਇਤ ਬੁਲਾਈ ਸੀ। ਪ੍ਰਸ਼ਾਸਨ ਨਾਲ ਕਿਸਾਨਾਂ ਦੀ ਤਿੰਨ ਦੌਰ ਦੇ ਬੈਠਕ ਦੌਰਾਨ ਕਿਸਾਨ ਆਗੂਆਂ ਨੇ ‘ਸਿਰ ਪਾੜਨ’ ਦਾ ਆਦੇਸ਼ ਦੇਣ ਵਾਲੇ ਤੱਤਕਾਲੀਨ ਐੱਸ. ਡੀ. ਐੱਮ. ਆਯੂੁਸ਼ ਸਿਨਹਾ ਨੂੰ ਸਸਪੈਂਡ ਕਰਨ ਅਤੇ ਮਿ੍ਰਤਕ ਕਿਸਾਨ ਦੇ ਪਰਿਵਾਰ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕਰ ਰਹੇ ਸਨ। ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਕਈ ਗੇੜ ਦੀ ਬੈਠਕ ਹੋਈ। ਆਖ਼ਰਕਾਰ ਪ੍ਰਸ਼ਾਸਨ ਨੂੰ ਕਿਸਾਨਾਂ ਦੀਆਂ ਮੰਗਾਂ ਅੱਗੇ ਝੁਕਣਾ ਪਿਆ ਅਤੇ ਕਰਨਾਲ ਧਰਨਾ ਖ਼ਤਮ ਹੋ ਗਿਆ।