ਕਾਰਗਿਲ ਯੁੱਧ ਸਮਾਰਕ ਮੋਟਰਸਾਈਕਲ ਮੁਹਿੰਮ ਟੀਮ ਦ੍ਰਾਸ (ਲੱਦਾਖ) ਲਈ ਰਵਾਨਾ
Tuesday, Jul 19, 2022 - 01:41 PM (IST)
ਜੈਤੋ, (ਪਰਾਸ਼ਰ)– ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਸਾਲ 1999 ਦੇ ਕਾਰਗਿਲ ਯੁੱਧ ਵਿਚ ਪਾਕਿਸਤਾਨ ’ਤੇ ਵਿਜੇ ਦੇ 23 ਸਾਲ ਪੂਰੇ ਹੋਣ ਦੇ ਸੰਬੰਧ ਵਿਚ ਅਤੇ ‘ਆਜ਼ਾਦੀ ਦਾ ਅਮ੍ਰਿਤ ਮਹਾਉਤਸਵ’ ਦੀ ਭਾਵਨਾ ਦਾ ਸਮਾਰੋਹ ਮਨਾਉਣ ਲਈ ਭਾਰਤੀ ਫੌਜ ਨੇ ਨਵੀਂ ਦਿੱਲੀ ਤੋਂ ਕਾਰਗਿਲ ਯੁੱਧ ਸਮਾਰਕ ਦ੍ਰਾਸ (ਲੱਦਾਖ) ਤੱਕ ਇਕ ਮੋਟਰਸਾਈਕਲ ਮੁਹਿੰਮ ਦਾ ਆਯੋਜਨ ਕੀਤਾ ਹੈ।
30 ਮੈਂਬਰਾਂ ਦੀ ਰੈਲੀ ਨੂੰ ਜ਼ਮੀਨੀ ਫੌਜ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਬੀ. ਐੱਸ. ਰਾਜੂ ਨੇ ਸੋਮਵਾਰ ਨੂੰ ਰਾਸ਼ਟਰੀ ਯੁੱਧ ਸਮਾਰਕ ਨਵੀਂ ਦਿੱਲੀ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ। ਅਗਲੇ 6 ਦਿਨਾਂ ਵਿਚ ਇਸ ‘ਡ੍ਰੀਮ ਅਭਿਆਨ’ ਨੂੰ ਸ਼ੁਰੂ ਕਰਨ ਵਾਲੇ 30 ਕਾਰਜਸ਼ੀਲ ਫੌਜੀ ਕਰਮਚਾਰੀਆਂ ਦੀ ਇਹ ਟੀਮ ਭਾਰਤੀ ਫੌਜ ਦੇ ਹੌਸਲੇ, ਰੋਮਾਂਚ ਅਤੇ ਸਾਹਸ ਦੀ ਭਾਵਨਾ ਨੂੰ ਮੁੜ ਜਾਗ੍ਰਿਤ ਕਰ ਕੇ ਕਾਰਗਿਲ ਦੇ ਬਹਾਦਰਾਂ ਦੇ ਬੇਮਿਸਾਲ ਸਾਹਸ ਨੂੰ ਦੁਹਰਾਉਣ ਦਾ ਯਤਨ ਕਰੇਗੀ। ਇਹ ਬਾਈਕ ਰੈਲੀ 26 ਜੁਲਾਈ 2022 ਨੂੰ ਕਾਰਗਿਲ ਯੁੱਧ ਯਾਦਗਾਰ, ਦ੍ਰਾਸ ਵਿਚ ਇਸ ਮੁਹਿੰਮ ਦੀ ਸਮਾਪਤੀ ਤੋਂ ਪਹਿਲਾਂ ਹਰਿਆਣਾ, ਪੰਜਾਬ, ਜੰਮੂ ਅਤੇ ਕਸ਼ਮੀਰ ਤੇ ਲੱਦਾਖ ਤੋਂ ਹੋ ਕੇ ਲੰਘੇਗੀ।