‘ਲਾਪਤਾ ਲੇਡੀਜ਼ ’ ਬਾਰੇ ਤਾਂ ਸੁਣਿਆ ਹੈ, ‘ਲਾਪਤਾ ਉਪ ਰਾਸ਼ਟਰਪਤੀ’ ਬਾਰੇ ਨਹੀਂ : ਕਪਿਲ ਸਿੱਬਲ
Sunday, Aug 10, 2025 - 12:29 AM (IST)

ਨਵੀਂ ਦਿੱਲੀ, (ਭਾਸ਼ਾ)- ਸਾਬਕਾ ਕਾਨੂੰਨ ਮੰਤਰੀ ਅਤੇ ਰਾਜ ਸਭਾ ਦੇ ਮੈਂਬਰ ਕਪਿਲ ਸਿੱਬਲ ਨੇ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਮੌਜੂਦਗੀ ’ਤੇ ਸਵਾਲ ਉਠਾਉਂਦੇ ਹੋਏ ਸ਼ਨੀਵਾਰ ਕਿਹਾ ਕਿ ਮੈਂ ਕਿਰਨ ਰਾਓ ਵੱਲੋਂ ਨਿਰਦੇਸ਼ਤ ਫਿਲਮ ‘ਲਾਪਤਾ ਲੇਡੀਜ਼’ ਬਾਰੇ ਤਾਂ ਸੁਣਿਆ ਹੈ ਪਰ ‘ਲਾਪਤਾ ਉਪ ਰਾਸ਼ਟਰਪਤੀ’ ਬਾਰੇ ਕਦੇ ਨਹੀਂ ਸੁਣਿਆ।
ਸਿੱਬਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧਨਖੜ ਦੀ ਸਿਹਤ ਤੇ ਤੰਦਰੁਸਤੀ ਬਾਰੇ ਚਿੰਤਾ ਦੂਰ ਕਰਨ ਲਈ ਉਨ੍ਹਾਂ ਦੀ ਹਾਲਤ ਤੇ ਟਿਕਾਣੇ ਬਾਰੇ ਬਿਆਨ ਦੇਣ ਦੀ ਅਪੀਲ ਕੀਤੀ। ਧਨਖੜ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ 21 ਜੁਲਾਈ ਨੂੰ ਅਚਾਨਕ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਵਿਰੋਧੀ ਧਿਰ ਦੇ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ।
ਸਿੱਬਲ ਨੇ ਕਿਹਾ ਕਿ ਉਪ ਰਾਸ਼ਟਰਪਤੀ ਵਜੋਂ ਜਗਦੀਪ ਧਨਖੜ ਨੇ 21 ਨੂੰ ਅਸਤੀਫਾ ਦੇ ਦਿੱਤਾ ਸੀ। ਉਸ ਦਿਨ ਤੋਂ ਸਾਨੂੰ ਨਹੀਂ ਪਤਾ ਕਿ ਉਹ ਕਿੱਥੇ ਹਨ? ਉਹ ਆਪਣੇ ਸਰਕਾਰੀ ਨਿਵਾਸ ਵਿਖੇ ਨਹੀਂ ਹਨ। ਪਹਿਲੇ ਦਿਨ ਮੈਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਦੇ ਨਿੱਜੀ ਸਕੱਤਰ ਨੇ ਫ਼ੋਨ ਚੁੱਕਿਆ ਤੇ ਕਿਹਾ ਕਿ ਉਹ ਆਰਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਸਿਆਸੀ ਆਗੂਆਂ ਦਾ ਵੀ ਧਨਖੜ ਨਾਲ ਸੰਪਰਕ ਨਹੀਂ ਹੋ ਰਿਹਾ।