ਕਿਸਾਨ ਅੰਦੋਲਨ ਤੋੜਨ ਲਈ ਯੋਜਨਾ ਰਚੀ ਜਾ ਰਹੀ ਹੈ ਯੋਜਨਾ : ਕਪਿਲ ਸਿੱਬਲ
Saturday, Jan 30, 2021 - 03:05 PM (IST)
ਨਵੀਂ ਦਿੱਲੀ- ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਬੈਠੇ 2 ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ। ਉੱਥੇ ਹੀ 26 ਜਨਵਰੀ ਨੂੰ ਹੋਈ ਹਿੰਸਾ ਅਤੇ ਸ਼ੁੱਕਰਵਾਰ ਨੂੰ ਸਿੰਘੂ ਸਰਹੱਦ 'ਤੇ ਹੰਗਾਮੇ ਤੋਂ ਬਾਅਦ ਵੀ ਤਿੰਨੋਂ ਮੁੱਖ ਬਾਰਡਰਾਂ (ਗਾਜ਼ੀਪੁਰ, ਸਿੰਘੂ ਅਤੇ ਟਿਕਰੀ) 'ਤੇ ਅੰਦੋਨ ਲਗਾਤਾਰ ਜਾਰੀ ਹੈ। ਇਸ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਕੇਂਦਰ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਸਿੱਬਲ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਦੇ ਕੋਈ ਲਾਲ ਕਿਲ੍ਹੇ 'ਚ ਪ੍ਰਵੇਸ਼ ਨਹੀਂ ਕਰ ਸਕਦਾ ਪਰ ਗਣਤੰਤਰ ਦਿਵਸ ਦੇ ਦਿਨ ਅੰਦੋਲਨਕਾਰੀ ਕਿਸਾਨ ਸਿੱਧੇ ਲਾਲ ਕਿਲ੍ਹੇ ਦੇ ਅੰਦਰ ਕਿਵੇਂ ਚੱਲੇ ਗਏ। ਉਹ ਲੋਕ ਖ਼ੁਦ ਕਹਿ ਰਹੇ ਹਨ ਕਿ ਸਾਨੂੰ ਕਿਸੇ ਨੇ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੈ ਕਿ ਅੰਦੋਲਨ ਨੂੰ ਤੋੜਨ ਲਈ ਯੋਜਨਾ ਰਚੀ ਜਾ ਰਹੀ ਹੈ।
ਦੱਸਣਯੋਗ ਹੈ ਕਿ 26 ਜਨਵਰੀ ਯਾਨੀ ਗਣਤੰਤਰ ਦਿਵਸ 'ਤੇ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੀ ਗਈ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਵਲੋਂ ਇਤਿਹਾਸਿਕ ਲਾਲ ਕਿਲ੍ਹੇ ਦੇ ਅੰਦਰ ਇਕ ਧਾਰਮਿਕ ਝੰਡਾ ਲਗਾ ਦਿੱਤਾ ਸੀ। ਪੁਲਸ ਨੇ ਵੀਰਵਾਰ ਨੂੰ ਕਿਸਾਨ ਨੇਤਾਵਾਂ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਅਤੇ ਗਣਤੰਤਰ ਦਿਵਸ ਦੇ ਦਿਨ ਹੋਈ ਹਿੰਸਾ ਦੇ ਪਿੱਛੇ ਦੀ ‘ਸਾਜਿਸ਼’ ਦੀ ਜਾਂਚ ਦੀ ਘੋਸ਼ਣਾ ਕੀਤੀ ਸੀ। ਇਸ ਹਿੰਸਾ ਦੇ ਸਿਲਸਿਲੇ ਵਿਚ ਪੁਲਸ ਨੇ ਹੁਣ ਤੱਕ 33 ਐਫ.ਆਈ.ਆਰ. ਦਰਜ ਕੀਤੀਆਂ ਹਨ ਅਤੇ ਕਿਸਾਨ ਨੇਤਾਵਾਂ ਸਮੇਤ 44 ਲੋਕਾਂ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤੇ ਹਨ।