ਕਾਨਪੁਰ ਦੀ ਕਾਰਬਾਈਨ ਨਾਲ ਹੋਵੇਗਾ ਦੁਸ਼ਮਣ ਦਾ ‘ਕੰਮ ਤਮਾਮ’, ਇਕ ਮਿੰਟ ’ਚ 700 ਫਾਇਰ

Sunday, Dec 22, 2024 - 05:26 AM (IST)

ਕਾਨਪੁਰ ਦੀ ਕਾਰਬਾਈਨ ਨਾਲ ਹੋਵੇਗਾ ਦੁਸ਼ਮਣ ਦਾ ‘ਕੰਮ ਤਮਾਮ’, ਇਕ ਮਿੰਟ ’ਚ 700 ਫਾਇਰ

ਕਾਨਪੁਰ – ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਤਿਆਰ ਕੀਤੀ ਗਈ ਕਾਰਬਾਈਨ ਦੁਸ਼ਮਣਾਂ ਦਾ ਕੰਮ ‘ਤਮਾਮ’ ਕਰੇਗੀ। ਪਹਿਲਾਂ ਹੀ ਗਰਮੀ ਤੇ ਬਰਸਾਤ ਦਾ ਟੈਸਟ ਪਾਸ ਕਰ ਚੁੱਕੀ ਉਕਤ ਕਾਰਬਾਈਨ ਨੇ ਗਲੇਸ਼ੀਅਰ ਟੈਸਟ ਵਿਚ ਵੀ ਸਫਲਤਾ ਹਾਸਲ ਕੀਤੀ ਹੈ। ਇਕ ਮਿੰਟ ’ਚ 700 ਫਾਇਰ ਕਰਨ ਵਾਲੀ ਇਸ ਕਾਰਬਾਈਨ ਦਾ ਹੁਣ ਫੌਜ ਤੇ ਹਥਿਆਰਬੰਦ ਫੋਰਸਾਂ ਲਈ ਵੱਡੇ ਪੈਮਾਨੇ ’ਤੇ ਉਤਪਾਦਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਅੱਤਵਾਦੀਆਂ ਨਾਲ ਨਜ਼ਦੀਕੀ ਮੁਕਾਬਲੇ ’ਚ ਇਹ ਹਥਿਆਰ ਕਾਫੀ ਕਾਰਗਰ ਸਾਬਤ ਹੋਵੇਗਾ। ਸੀ. ਕਿਊ. ਬੀ. ਭਾਵ ਕਲੋਜ਼ ਕੁਆਰਟਰ ਬੈਰਲ ਕਾਰਬਾਈਨ ਦਾ ਨਿਰਮਾਣ ਸਮਾਲ ਆਰਮਜ਼ ਫੈਕਟਰੀ ’ਚ ਕੀਤਾ ਗਿਆ ਹੈ। ਸੀ. ਕਿਊ. ਬੀ. ਕਾਰਬਾਈਨ ਦਾ ਫੌਜ ਨੇ ਤੀਜਾ ਤੇ ਫਾਈਨਲ ਸਫਲ ਟੈਸਟ ਕੀਤਾ ਹੈ। ਇਸ ਤੋਂ ਬਾਅਦ ਹੁਣ ਇਸ ਦੇ ਵੱਡੇ ਉਤਪਾਦਨ ਦੀ ਤਿਆਰੀ ਕੀਤੀ ਜਾ ਰਹੀ ਹੈ। ਐੱਸ. ਐੱਫ. ਦੀ ਟੀਮ ਨੇ ਫੌਜ ਦੇ ਟ੍ਰਾਇਲ ਵਿੰਗ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਸੁਮਰੋ ’ਚ ਇਸ ਦਾ ਟੈਸਟ ਕੀਤਾ।

ਗਲੇਸ਼ੀਅਰ ’ਚ ਮਨਫੀ 20 ਡਿਗਰੀ ਸੈਲਸੀਅਸ ਤਾਪਮਾਨ ’ਚ ਹੋਏ ਟ੍ਰਾਇਲ ਵਿਚ ਕਾਰਬਾਈਨ ਨੇ ਬਿਹਤਰੀਨ ਕਾਰਗੁਜ਼ਾਰੀ ਵਿਖਾਈ ਹੈ। ਇਸ ਤੋਂ ਪਹਿਲਾਂ ਇਸੇ ਕਾਰਬਾਈਨ ਦਾ ਤਾਮਿਲਨਾਡੂ ਦੇ ਤ੍ਰਿਚੀ ’ਚ ਬਰਸਾਤ ਦੇ ਮੌਸਮ ਅਤੇ ਰਾਜਸਥਾਨ ਦੀ ਰੇਗਿਸਤਾਨ ਹੱਦ ’ਤੇ ਉੱਚ ਤਾਪਮਾਨ ’ਚ ਸਫਲ ਮੁਹਾਰਤ ਟੈਸਟ ਹੋ ਚੁੱਕਾ ਹੈ।

ਗਲੇਸ਼ੀਅਰ ਖੇਤਰ ਦੀ ਰੇਂਜ ’ਚ ਸੀ. ਕਿਊ. ਬੀ. ਕਾਰਬਾਈਨ ਦੇ ਟੈਸਟ ਲਈ ਐੱਸ. ਐੱਫ. ਦੀ ਜਿਹੜੀ ਟੀਮ 2 ਦਸੰਬਰ ਨੂੰ ਰਵਾਨਾ ਹੋਈ ਸੀ, ਉਹ 14 ਦਸੰਬਰ ਨੂੰ ਵਾਪਸ ਆਈ। ਗਲੇਸ਼ੀਅਰ ਟੈਸਟ ਦਾ ਨਤੀਜਾ ਐੱਸ. ਏ. ਐੱਫ. ਅਧਿਕਾਰੀਆਂ ਦੇ ਚਿਹਰਿਆਂ ’ਤੇ ਖੁਸ਼ੀਆਂ ਲਿਆਉਣ ਵਾਲਾ ਰਿਹਾ। ਗਰਮੀ ਤੇ ਬਰਸਾਤ ਤੋਂ ਬਾਅਦ ਗਲੇਸ਼ੀਅਰ ਦੀ ਠੰਢਕ ਵਾਲੇ ਮੌਸਮ ਵਿਚ ਵੀ ਇਹ ਕਾਰਬਾਈਨ ਆਪਣੇ ਟੀਚੇ ਨੂੰ ਵਿੰਨ੍ਹਣ ’ਚ ਕਾਮਯਾਬ ਰਹੀ ਹੈ।

ਸਿਰਫ 3 ਕਿਲੋ ਦੀ ਹੈ ਕਾਰਬਾਈਨ
ਐੱਸ. ਏ. ਐੱਫ. ਵਿਚ ਬਣੀ ਇਹ ਕਾਰਬਾਈਨ  ਸਿਰਫ਼ 3 ਕਿਲੋ ਦੀ ਹੈ। ਇਸ ਦੀ ਮਾਰਕ ਸਮਰੱਥਾ 200 ਮੀਟਰ ਹੈ। ਇਹ ਕਾਰਬਾਈਨ ਇਕ ਮਿੰਟ ਵਿਚ 700 ਰਾਊਂਡ ਗੋਲੀਆਂ ਦਾਗਣ  ਵਿਚ ਸਮਰੱਥ ਹੈ। ਵਰਤਮਾਨ ਵਿਚ ਹਥਿਆਰਬੰਦ ਫੋਰਸਾਂ ਕੋਲ ਉਪਲੱਬਧ ਕਾਰਬਾਈਨਾਂ ਦੀ ਮਾਰਕ ਸਮਰੱਥਾ  100 ਮੀਟਰ ਹੈ। ਫੌਜ ਦੀ ਮੰਗ ’ਤੇ ਐੱਸ. ਏ. ਐੱਫ. ਨੇ ਇਸ ਨੂੰ ਡੀ. ਆਰ. ਡੀ. ਓ. ਨਾਲ ਸਬੰਧਤ ਅਰਮਾਮੈਂਟ ਰਿਸਰਚ ਐਂਡ ਡਿਵੈਲਪਮੈਂਟ ਦੇ ਡਿਜ਼ਾਈਨ ’ਤੇ ਤਿਆਰ ਕੀਤਾ ਗਿਆ ਹੈ। ਇਸ ਨੂੰ ਪਹਿਲੀ ਵਾਰ ਸਾਲ 2020 ਵਿਚ ਲਖਨਊ ਵਿਚ ਆਯੋਜਿਤ ਡਿਫੈਂਸ ਐਕਸਪੋ ਵਿਚ ਪ੍ਰਦਰਸ਼ਿਤ ਕੀਤਾ ਗਿਆ ਸੀ।

ਇਕ ਸਾਲ ’ਚ ਹੋਏ ਤਿੰਨ ਟੈਸਟ
ਸੀ. ਕਿਊ. ਬੀ. ਕਾਰਬਾਈਨ ਹਰ ਮੌਸਮ ਦੇ ਟੈਸਟ ਵਿਚ ਸਫਲ ਰਹੀ ਹੈ। ਤਿੰਨੋਂ ਟੈਸਟ ਇਕ ਸਾਲ ਦੀ ਮਿਆਦ ਵਿਚ ਹੋਏ। ਇਹ  ਫੌਜੀ ਜਵਾਨਾਂ ਨੂੰ ਖਾਸ ਕਰ ਕੇ ਕਮਾਂਡੋ ਦਸਤੇ ਲਈ ਤਿਆਰ ਕੀਤਾ ਗਿਆ ਹੈ। 230 ਮਿਲੀਮੀਟਰ ਤੱਕ ਫੋਲਡ ਹੋਣ ਵਾਲੇ ਕਾਰਬਾਈਨ ਵਿਚ ਕਈ ਵਿਸ਼ੇਸ਼ਤਾਵਾਂ ਹਨ। ਫੋਲਡਿੰਗ ਬੱਟ ਹੋਣ ਨਾਲ ਇਸ ਨੂੰ ਸੁਵਿਧਾਜਨਕ ਢੰਗ ਨਾਲ ਠੀਕ ਕੀਤਾ ਜਾ ਸਕਦਾ ਹੈ। ਨਾਲ ਹੀ, ਇਸ ਨੂੰ ਫੋਲਡ ਕਰ ਕੇ ਵੀ ਚਲਾਇਆ ਜਾ ਸਕਦਾ ਹੈ।

ਕਾਰਬਾਈਨ ਦੀ ਲੰਬਾਈ 790 ਮਿਲੀਮੀਟਰ
ਸੀ. ਕਿਊ. ਬੀ. ਕਾਰਬਾਈਨ ਦੀ ਲੰਬਾਈ 790 ਮਿਲੀਮੀਟਰ ਹੈ। ਫੋਲਡ ਕਰਨ ’ਤੇ ਇਹ 560 ਮਿਲੀਮੀਟਰ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਕਾਰਬਾਈਨ 230 ਮਿਲੀਮੀਟਰ ਫੋਲਡ ਹੋ ਜਾਂਦੀ ਹੈ। 300 ਮਿਲੀਮੀਟਰ ਲੰਬੀ ਬੈਰਲ ਨੂੰ ਕੈਲੀਬਰ 5.56 ਗੁਣਾ 45 ਮਿਲੀਮੀਟਰ ਹੈ।

ਫੌਜ ਨੇ ਕੀਤੀ ਸੀ ਮੰਗ
ਫੌਜ ਵੱਲੋਂ ਜ਼ਿਆਦਾ ਸਮਰੱਥਾ ਵਾਲੀ ਕਾਰਬਾਈਨ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਯੋਜਨਾ ਤਿਆਰ ਕੀਤੀ ਗਈ ਹੈ। ਵਰਤਮਾਨ ਵਿਚ ਹਥਿਆਰਬੰਦ ਫੋੋਰਸ  ਆਪ੍ਰੇਸ਼ਨਾਂ ਦੌਰਾਨ ਅਸਾਲਟ ਰਾਈਫਲਾਂ ਵਿਚ ਏ. ਕੇ.-47, ਮਸ਼ੀਨਗਨ ਅਤੇ ਇੰਸਾਸ ਦਾ ਪ੍ਰਯੋਗ ਕਰਦੇ ਹਨ। ਹਾਲਾਂਕਿ, ਨਜ਼ਦੀਕੀ ਮੁਕਾਬਲੇ ਵਿਚ ਇਹ ਹਥਿਆਰ ਓਨੇ ਕਾਰਗਰ ਨਹੀਂ ਮੰਨੇ ਜਾਂਦੇ। ਇਸ ਲਈ ਫੌਜ ਦੀ ਮੰਗ ’ਤੇ ਡੀ. ਆਰ. ਡੀ. ਓ. ਨੇ ਇਸ ਨੂੰ  ਡਿਜ਼ਾਈਨ ਕੀਤਾ ਹੈ। ਇਸ  ਨਾਲ ਨੇੜੇ ਦੇ ਮੁਕਾਬਲੇ ਵਿਚ ਜਵਾਨ ਆਪ੍ਰੇਸ਼ਨ ਨੂੰ ਅੰਜਾਮ ਦੇ ਸਕਣਗੇ।


author

Inder Prajapati

Content Editor

Related News