ਕਨ੍ਹਈਆ ''ਤੇ ਨਹੀਂ ਚੱਲੇਗਾ ਦੇਸ਼ਧ੍ਰੋਹ ਦਾ ਮੁਕੱਦਮਾ, ਮਨਜ਼ੂਰੀ ਦੇਣ ਤੋਂ ਦਿੱਲੀ ਸਰਕਾਰ ਦੀ ਨਾਂਹ
Friday, Sep 06, 2019 - 11:33 AM (IST)

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦਿੱਲੀ ਪੁਲਸ ਨੂੰ ਕਨ੍ਹਈਆ ਅਤੇ 9 ਲੋਕਾਂ ਵਿਰੁੱਧ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਲਈ ਮਨਜ਼ੂਰੀ ਨਹੀਂ ਦੇਵੇਗੀ। ਫਰਵਰੀ 2016 'ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਕੈਂਪਸ 'ਚ ਇਕ ਪ੍ਰੋਗਰਾਮ ਦਾ ਆਯੋਜਨ ਹੋਇਆ ਸੀ। ਉਸ ਦੌਰਾਨ ਕਥਿਤ ਤੌਰ 'ਤੇ ਦੇਸ਼ ਵਿਰੋਧੀ ਨਾਅਰੇ ਲਗਾਏ ਗਏ ਸਨ। ਉਸ ਪ੍ਰੋਗਰਾਮ 'ਚ ਸ਼ਾਮਲ ਹੋਣ ਅਤੇ ਦੇਸ਼ ਵਿਰੋਧੀ ਨਾਅਰਾ ਲਗਾਉਣ ਦਾ ਕਨ੍ਹਈਆ ਅਤੇ ਹੋਰ 9 ਲੋਕਾਂ 'ਤੇ ਦੋਸ਼ ਹੈ। ਜੇ.ਐੱਨ.ਯੂ. 'ਚ ਕਥਿਤ ਦੇਸ਼ ਵਿਰੋਧੀ ਪ੍ਰੋਗਰਾਮ ਨੂੰ ਲੈ ਕੇ ਦੇਸ਼ ਭਰ 'ਚ ਹੰਗਾਮਾ ਹੋ ਗਿਆ ਸੀ। ਉਸ ਘਟਨਾ ਤੋਂ ਬਾਅਦ ਜੇ.ਐੱਨ.ਯੂ. ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਸੂਤਰਾਂ ਅਨੁਸਾਰ ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਇਸ ਮਾਮਲੇ 'ਚ ਆਪਣੀ ਰਾਏ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਜੋ ਸਬੂਤ ਪੇਸ਼ ਕੀਤਾ ਹੈ, ਉਸ ਅਨੁਸਾਰ ਕਨ੍ਹਈਆ ਅਤੇ ਹੋਰਾਂ 'ਤੇ ਦੇਸ਼ਧ੍ਰੋਹ ਦਾ ਮਾਮਲਾ ਨਹੀਂ ਬਣਦਾ ਹੈ। 'ਆਪ' ਸਰਕਾਰ ਦੇ ਵਿਚਾਰ ਨੂੰ ਉਸ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ, ਜਿੱਥੇ ਮਾਮਲੇ ਦੀ ਸੁਣਵਾਈ ਹੋ ਰਹੀ ਹੈ। ਦਿੱਲੀ ਦੇ ਉੱਪ ਰਾਜਪਾਲ ਅਤੇ ਦਿੱਲੀ ਪੁਲਸ ਨੂੰ ਵੀ ਇਸ ਮਾਮਲੇ 'ਤੇ ਦਿੱਲੀ ਸਰਕਾਰ ਦੇ ਰੁਖ ਤੋਂ ਜਾਣੂੰ ਕਰਵਾਇਆ ਜਾਵੇਗਾ। ਦੇਸ਼ਧ੍ਰੋਹ ਅਤੇ ਭਾਰਤ ਸਰਕਾਰ ਵਿਰੁੱਧ ਯੁੱਧ ਛੇੜਨ ਵਰਗੇ ਮਾਮਲਿਆਂ 'ਚ ਕੋਰਟ ਪੁਲਸ ਦੀ ਚਾਰਜਸ਼ੀਟ 'ਤੇ ਨੋਟਿਸ ਨਹੀਂ ਲੈ ਸਕਦਾ ਹੈ। ਉਸ ਲਈ ਸੰਬੰਧਤ ਰਾਜ ਦੇ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ। ਉਂਝ ਆਖਰੀ ਫੈਸਲਾ ਕੋਰਟ 'ਤੇ ਨਿਰਭਰ ਕਰਦਾ ਹੈ।