PM ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦੀ ਜਾਂਚ ਕਰ ਰਹੀ ਜਸਟਿਸ ਇੰਦੂ ਮਲਹੋਤਰਾ ਨੂੰ ਮਿਲੀ ਧਮਕੀ
Tuesday, Jan 18, 2022 - 10:03 AM (IST)
ਨਵੀਂ ਦਿੱਲੀ- ਪੰਜਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਹੋਈ ਕੋਤਾਹੀ ਦੇ ਮਾਮਲੇ ਦੀ ਜਾਂਚ ਕਰ ਰਹੇ ਪੈਨਲ ਦੀ ਪ੍ਰਧਾਨਗੀ ਕਰ ਰਹੀ ਸਾਬਕਾ ਜਸਟਿਸ ਇੰਦੂ ਮਲਹੋਤਰਾ ਨੂੰ ਧਮਕੀ ਮਿਲਣ ਦੀ ਖ਼ਬਰ ਹੈ। ਜਸਟਿਸ ਇੰਦੂ ਮਲਹੋਤਰਾ ਨੂੰ ਧਮਕੀ ਭਰੀ ਕਾਲ ਆਈ ਸੀ। ਕਾਲ ਕਰਨ ਵਾਲੇ ਸ਼ਖਸ ਜਾਂ ਉਹ ਕਿਸ ਸਮੂਹ ਨਾਲ ਜੁੜਿਆ ਹੋਇਆ ਹੈ, ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਜਸਟਿਸ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ ਨੇ ਪਿਛਲੇ ਹਫਤੇ ਹੀ ਪੀ. ਐੱਮ. ਦੀ ਸੁਰੱਖਿਆ ਕੋਤਾਹੀ ਦੀ ਜਾਂਚ ਕਰਨ ਵਾਲੇ ਪੈਨਲ ਦਾ ਪ੍ਰਧਾਨ ਨਿਯੁਕਤ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜਸਟਿਸ ਮਲਹੋਤਰਾ ਨੂੰ ਇਹ ਧਮਕੀ ਸਿਖਸ ਫਾਰ ਜਸਟਿਸ ਨਾਂ ਦੇ ਸੰਗਠਨ ਵਲੋਂ ਦਿੱਤੀ ਗਈ ਹੈ। ਇਸ ਸੰਗਠਨ ਨੇ ਧਮਕੀ ਭਰੇ ਆਡੀਓ ਕਲਿਪ ਜਾਰੀ ਕੀਤੇ ਹਨ। ਧਮਕੀ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਸਿੱਖਾਂ ਵਿਚੋਂ ਕਿਸੇ ਇਕ ਨੂੰ ਚੁਣਨਾ ਹੋਵੇਗਾ। ਉਹ ਕਮੇਟੀ ਨੂੰ ਜਾਂਚ ਲਈ ਅੱਗੇ ਵਧਣ ਦੀ ਇਜਾਜ਼ਤ ਨਹੀਂ ਦੇਣਗੇ।
ਓਧਰ, ਸੁਪਰੀਮ ਕੋਰਟ ਦੇ ਕਈ ਵਕੀਲਾਂ ਨੂੰ ਸੋਮਵਾਰ ਨੂੰ ਵੀ ਇਕ ਵਾਰ ਫਿਰ ਵੱਖ-ਵੱਖ ਕੌਮਾਂਤਰੀ ਨੰਬਰਾਂ ਰਾਹੀਂ ਧਮਕੀ ਭਰੀਆਂ ਕਾਲਾਂ ਆਈਆਂ। ਸੁਪਰੀਮ ਕੋਰਟ ਦੇ ਵਕੀਲ ਵਿਸ਼ਣੂ ਸ਼ੰਕਰ ਜੈਨ, ਜਿਨ੍ਹਾਂ ਨੇ ਪਿਛਲੇ ਹਫਤੇ ਵੀ ਇਸ ਸੰਬੰਧੀ ਦਿੱਲੀ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ, ਨੂੰ ਫਿਰ ਤੋਂ ਧਮਕੀ ਭਰੇ ਫੋਨ ਆਏ। ਜੈਨ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਨ ਲਈ ਐੱਸ. ਐੱਫ. ਜੇ. ਤੋਂ ਧਮਕੀ ਭਰੇ ਫੋਨ ਆਏ ਹਨ। ਐਡਵੋਕੇਟ ਵਿਸ਼ਣੂ ਸ਼ੰਕਰ ਜੈਨ ਤੋਂ ਇਲਾਵਾ ਐਡਵੋਕੇਟ ਅਪੂਰਵ ਸ਼ੁਕਲਾ ਅਤੇ ਨਿਸ਼ਾਂਤ ਕਟਨੇਸ਼ਵਰਕਰ ਨੂੰ ਵੀ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਆਡੀਓ ਦੇ ਨਾਲ ਕਾਲਾਂ ਆਈਆਂ, ਜਿਨ੍ਹਾਂ ਵਿਚ ਉਨ੍ਹਾਂ ਨੂੰ ਐੱਸ. ਐੱਫ. ਜੇ. ਖ਼ਿਲਾਫ਼ ਸ਼ਿਕਾਇਤ ਕਰਨ ’ਤੇ ਧਮਕੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ– ਕਾਂਗਰਸ ਵਿਧਾਇਕ ਦੇ ਵਿਗੜੇ ਬੋਲ, ਕਿਹਾ– ਕੰਗਣਾ ਰਨੌਤ ਦੀਆਂ ਗੱਲ੍ਹਾਂ ਤੋਂ ਵੀ ਜ਼ਿਆਦਾ ਚਿਕਨੀਆਂ ਸੜਕਾਂ ਬਣਾਵਾਂਗੇ
ਦਿੱਲੀ ਦੇ ਵਕੀਲ ਨੇ ਪੰਨੂੰ ਖ਼ਿਲਾਫ਼ ਨਿਊਯਾਰਕ ਪੁਲਸ ਮੁਖੀ ਨੂੰ ਭੇਜੀ ਸ਼ਿਕਾਇਤ
ਦਿੱਲੀ ਦੇ ਵਕੀਲ ਵਿਨੀਤ ਜਿੰਦਲ ਨੇ ਸੋਮਵਾਰ ਨੂੰ ਸਿਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂੰ ਖ਼ਿਲਾਫ਼ ਨਿਊਯਾਰਕ ਸੂਬੇ ਦੇ ਪੁਲਸ ਕਮਿਸ਼ਨਰ ਕੇ. ਐੱਲ. ਸੇਵੇਲ ਨੂੰ ਸ਼ਿਕਾਇਤ ਭੇਜੀ ਹੈ। ਸ਼ਿਕਾਇਤ ਵਿਚ ਭਾਈਚਾਰਿਆਂ ਦਰਮਿਆਨ ਯੁੱਧ, ਅਪਰਾਧਿਕ ਹਮਲਾ, ਦੰਗਿਆਂ ਲਈ ਉਕਸਾਉਣਾ, ਭਾਰਤ ਰਾਜ ਖ਼ਿਲਾਫ਼ ਅਪਰਾਧਕ ਸਾਜ਼ਿਸ਼, ਭਾਰਤ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜਾਂ ਲਈ ਖਤਰੇ ਦੀ ਗੱਲ ਕਹੀ ਗਈ ਹੈ। ਐੱਸ. ਐੱਫ. ਜੇ. ਦੇ ਬਿਆਨ ਅਤੇ ਕੰਮ ਸਪੱਸ਼ਟ ਰੂਪ ਵਿਚ ਭਾਰਤ ਦੀ ਪ੍ਰਭੂਸੱਤਾ ਅਤੇ ਏਕਤਾ ਨੂੰ ਚੁਣੌਤੀ ਦੇਣ ਲਈ ਹਨ ਅਤੇ ਵੱਖ-ਵੱਖ ਭਾਈਚਾਰਿਆਂ ਅਤੇ ਸੂਬਿਆਂ ਦਰਮਿਆਨ ਯੁੱਧ ਛੇੜਣ ਦਾ ਇਕ ਯਤਨ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ