ਮੀਡੀਆ ਸੰਗਠਨਾਂ ਨੇ ਪੱਤਰਕਾਰ ਜੋਸ਼ੀ ''ਤੇ ਹਮਲੇ ਦੀ ਨਿਆਂਇਕ ਜਾਂਚ ਦੀ ਕੀਤੀ ਮੰਗ
Wednesday, Jul 22, 2020 - 06:29 PM (IST)
ਨਵੀਂ ਦਿੱਲੀ (ਭਾਸ਼ਾ)— ਮੀਡੀਆਂ ਸੰਗਠਨਾਂ ਨੇ ਗਾਜ਼ੀਆਬਾਦ ਦੇ ਪੱਤਰਕਾਰ ਵਿਕ੍ਰਮ ਜੋਸ਼ੀ 'ਤੇ ਹਮਲੇ ਦੀ ਬੁੱਧਵਾਰ ਨੂੰ ਨਿੰਦਾ ਕੀਤੀ, ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਮੀਡੀਆਂ ਸੰਗਠਨਾਂ ਨੇ ਇਸ ਮਾਮਲੇ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਪੱਤਰਕਾਰਾਂ 'ਤੇ ਹਮਲੇ ਦੀਆਂ ਹੋਰ ਘਟਨਾਵਾਂ ਦੀ ਵੀ ਨਿਆਂਇਕ ਜਾਂਚ ਦੀ ਵੀ ਮੰਗ ਕੀਤੀ। ਪ੍ਰੈੱਸ ਐਸੋਸੀਏਸ਼ਨ ਅਤੇ ਇੰਡੀਅਨ ਵਿਮੈਂਸ ਪ੍ਰੈਸ ਕੋਰ ਨੇ ਕਿਹਾ ਕਿ ਪੱਤਰਕਾਰਾਂ 'ਤੇ ਹਮਲੇ, ਖਾਸ ਤੌਰ 'ਤੇ ਉੱਤਰ ਪ੍ਰਦੇਸ਼ ਵਿਚ ਹਾਲ ਦੇ ਸਮੇਂ 'ਚ ਵਧੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਜੋਸ਼ੀ ਤੋਂ ਇਲਾਵਾ ਸੂਬੇ ਦੇ ਹੋਰ ਪੱਤਰਕਾਰਾਂ 'ਤੇ ਹਮਲੇ ਦੇ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਉਣ।
ਇਹ ਵੀ ਪੜ੍ਹੋ: ਪੱਤਰਕਾਰ ਦੀ ਇਲਾਜ ਦੌਰਾਨ ਮੌਤ, ਬਦਮਾਸ਼ਾਂ ਨੇ ਸਿਰ 'ਚ ਮਾਰੀ ਸੀ ਗੋਲੀ
ਦੱਸਣਯੋਗ ਹੈ ਕਿ ਜੋਸ਼ੀ ਨੂੰ ਕੁਝ ਬਦਮਾਸ਼ਾਂ ਨੇ ਸਿਰ ਵਿਚ ਗੋਲੀ ਮਾਰ ਦਿੱਤੀ ਸੀ ਅਤੇ ਉਨ੍ਹਾਂ ਦੀ ਬੁੱਧਵਾਰ ਯਾਨੀ ਕਿ ਅੱਜ ਤੜਕੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਜੋਸ਼ੀ ਨੇ 16 ਜੁਲਾਈ ਨੂੰ ਆਪਣੀ ਭਾਣਜੀ ਨਾਲ ਛੇੜਛਾੜ ਦੇ ਦੋਸ਼ ਵਿਚ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਨੂੰ ਗਾਜ਼ੀਆਬਾਦ ਦੇ ਵਿਜੇਨਗਰ ਇਲਾਕੇ ਵਿਚ ਉਨ੍ਹਾਂ ਦੇ ਘਰ ਦੇ ਨੇੜੇ ਸੋਮਵਾਰ ਰਾਤ ਕਰੀਬ ਸਾਢੇ 10 ਵਜੇ ਗੋਲੀ ਮਾਰੀ ਗਈ ਸੀ।
ਪ੍ਰੈੱਸ ਐਸੋਸੀਏਸ਼ਨ ਅਤੇ ਇੰਡੀਅਨ ਵਿਮੈਂਸ ਨੇ ਜੋਸ਼ੀ 'ਤੇ ਹੋਏ ਇਸ ਵਹਿਸ਼ੀ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸੂਬਾ ਸਰਕਾਰ ਇਕ ਵਿਸ਼ੇਸ਼ ਮੁਹਿੰਮ ਚਲਾ ਕੇ ਇਸ ਮਾਮਲੇ ਦੇ ਨਾਲ ਹੀ ਪਿਛਲੇ ਮਾਮਲਿਆਂ ਦੇ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਏ। ਦੋਹਾਂ ਮੀਡੀਆ ਸੰਗਠਨਾਂ ਨੇ ਨਾਲ ਹੀ ਜੋਸ਼ੀ ਦੇ ਪਰਿਵਾਰ ਲਈ ਵਿੱਤੀ ਮਦਦ ਦੀ ਵੀ ਮੰਗ ਕੀਤੀ। ਮੀਡੀਆ ਸੰਗਠਨਾਂ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ 9 ਦੋਸ਼ੀਆਂ ਨੂੰ ਗ੍ਰਿ੍ਰਫ਼ਤਾਰ ਕੀਤਾ ਗਿਆ ਹੈ। ਪੱਤਰਕਾਰ ਦੇ ਪਰਿਵਾਰ ਵਲੋਂ ਪੁਲਸ 'ਤੇ ਢਿੱਲ-ਮਠ ਦਾ ਦੋਸ਼ ਲਾਏ ਜਾਣ ਮਗਰੋਂ ਜਾਂਚ ਕਰਦੇ ਹੋਏ ਥਾਣਾ ਮੁਖੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਪਰ ਸੱਚ ਨੂੰ ਸਾਹਮਣੇ ਲਿਆਉਣ ਅਤੇ ਅਪਰਾਧੀਆਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਉਣ ਲਈ ਇਹ ਕਾਫ਼ੀ ਨਹੀ ਹੈ।