JJP 'ਚ ਮਚਿਆ ਘਮਾਸਾਨ, ਦੁਸ਼ਯੰਤ ਖਿਲਾਫ ਵਿਧਾਇਕ ਨੇ ਕੀਤੀ ਬਗਾਵਤ

12/26/2019 4:42:16 PM

ਜੀਂਦ—ਹਰਿਆਣਾ 'ਚ ਸਰਕਾਰ ਗਠਜੋੜ ਤੋਂ ਬਾਅਦ ਸ਼ੁਰੂ ਹੋਈ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਦੀ ਅੰਦਰੂਨੀ ਫੁੱਟ ਉਸ ਸਮੇਂ ਉਜਾਗਰ ਹੋ ਗਈ, ਜਦੋਂ ਪਾਰਟੀ ਵਿਧਾਇਕ ਰਾਮਕੁਮਾਰ ਗੌਤਮ ਨੇ ਰਾਸ਼ਟਰੀ ਉਪ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਵਿਧਾਇਕ ਗੌਤਮ ਨੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਖਿਲਾਫ ਕਾਫੀ ਭੜਾਸ ਵੀ ਕੱਢੀ ਅਤੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਜੇ.ਜੇ.ਪੀ ਦੇ ਕਈ ਵਿਧਾਇਕ ਦੁਸ਼ਯੰਤ ਦੀ ਕਾਰਜਸ਼ੈਲੀ ਤੋਂ ਵੀ ਨਿਰਾਸ਼ ਹਨ।

ਦੱਸ ਦੇਈਏ ਕਿ ਰਾਮਕੁਮਾਰ ਗੌਤਮ ਨੇ ਪਾਰਟੀ ਤਾਂ ਨਹੀਂ ਛੱਡੀ ਹੈ, ਪਰ ਪਾਰਟੀ ਤੋਂ ਦੂਰੀ ਬਣਾਉਣ ਦੇ ਸੰਕੇਤ ਜਰੂਰ ਦਿੱਤੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਇੱਕ ਪ੍ਰੋਗਰਾਮ 'ਚ ਭਾਗ ਲੈਣ ਪਹੁੰਚੇ ਰਾਮਕੁਮਾਰ ਗੌਤਮ ਨੇ ਜੇ.ਜੇ.ਪੀ ਦੇ ਰਾਸ਼ਟਰੀ ਉਪ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਕੇ ਪਾਰਟੀ ਸੁਪ੍ਰੀਮੋ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਖਿਲਾਫ ਭੜਾਸ ਕੱਢੀ। ਉਨ੍ਹਾਂ ਨੇ ਕਿਹਾ ਹੈ ਕਿ ਇਹ ਸਹੀ ਹੈ ਕਿ ਉਹ ਦੁਸ਼ਯੰਤ ਦੇ ਕਾਰਨ ਹੀ ਐੱਮ.ਐੱਲ.ਏ ਬਣੇ ਪਰ ਦੁਸ਼ਯੰਤ ਨੂੰ ਉਪ ਮੁੱਖ ਮੰਤਰੀ ਉਨ੍ਹਾਂ ਨੇ ਹੀ ਬਣਾਇਆ ਹੈ। ਗੌਤਮ ਨੇ ਕਿਹਾ ਹੈ ਕਿ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਗੁਰੂਗ੍ਰਾਮ ਦੇ ਮਾਲ 'ਚ ਜੋ ਗੁਪਤ ਸਮਝੌਤਾ ਹੋਇਆ, ਉਸ ਦੇ ਲਈ ਬਲੀ ਦਾ ਬੱਕਰਾ ਮੈਨੂੰ ਕਿਉਂ ਬਣਾਇਆ ਗਿਆ।

ਦੱਸਣਯੋਗ ਹੈ ਕਿ ਗੌਤਮ ਹਿਸਾਰ ਜ਼ਿਲਾ ਦੇ ਨਾਰਨੌਦ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਹਨ। ਉਨ੍ਹਾਂ ਨੇ ਸਾਬਕਾ ਵਿੱਤ ਮੰਤਰੀ ਅਭਿਮਨਿਯੂ ਨੂੰ ਹਰਾ ਕੇ ਵਿਧਾਨ ਸਭਾ ਪਹੁੰਚੇ ਸੀ। ਦੂਜੇ ਪਾਸੇ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਇਹ ਮਾਮਲਾ ਉਨ੍ਹਾਂ ਦੀ ਜਾਣਕਾਰੀ 'ਚ ਨਹੀਂ ਹੈ। ਸੱਤਾ ਤੋਂ ਦੂਰ ਰਹੀਂ ਭਾਜਪਾ ਨੂੰ ਜਦੋਂ ਦੁਸ਼ਯੰਤ ਚੌਟਾਲਾ ਦਾ ਅਗਵਾਈ ਵਾਲੀ ਜਨਨਾਇਕ ਜਨਤਾ ਪਾਰਟੀ ਨੇ ਸਮਰਥਨ ਦਿਤਾ ਤਾਂ ਉਸ ਸਮੇਂ ਹੀ ਚਰਚਾ ਦਾ ਦੌਰ ਸ਼ੁਰੂ ਹੋ ਗਿਆ ਸੀ ਕਿ ਸੀਨੀਅਰਤਾ ਦੇ ਆਧਾਰ ਤੇ ਰਾਮਕੁਮਾਰ ਗੌਤਮ ਨੂੰ ਸਰਕਾਰ 'ਚ ਸ਼ਾਮਲ ਕੀਤਾ ਜਾਵੇਗਾ। ਮਨੋਹਰ ਮੰਤਰੀ ਮੰਡਲ ਵਿਸਥਾਰ ਦੌਰਾਨ ਆਖਰੀ ਸਮੇਂ ਤੱਕ ਅਟਕਲਾਂ ਚਲਦੀਆਂ ਰਹੀਆਂ ਕਿ ਰਾਮਕੁਮਾਰ ਗੌਤਮ ਨੂੰ ਜੇ.ਜੇ.ਪੀ ਕੋਟੇ ਤੋਂ ਮੰਤਰੀ ਬਣਾਇਆ ਜਾਵੇਗਾ ਪਰ ਦੁਸ਼ਯੰਤ ਨੇ ਆਪਣੇ ਤੋਂ ਇਲਾਵਾ ਦੂਜਾ ਮੰਤਰੀ ਅਹੁਦਾ ਅਨੂਪ ਧਾਰਕ ਨੂੰ ਦਿੱਤਾ, ਜਿਸ ਤੋਂ ਬਾਅਦ ਰਾਮਕੁਮਾਰ ਗੌਤਮ ਅਤੇ ਹੋਰ ਦੋ ਸੀਨੀਅਰ ਵਿਧਾਇਕ ਅੰਦਰੂਨੀ ਤੌਰ 'ਤੇ ਦੁਸ਼ਯੰਤ ਤੋਂ ਨਿਰਾਸ਼ ਚੱਲ ਰਹੇ ਹਨ। ਅਹੁਦਿਆਂ ਪਿੱਛੇ ਚੱਲ ਰਹੀ ਇਹ ਨਿਰਾਜ਼ਗੀ ਬੁੱਧਵਾਰ ਨੂੰ ਜਨਤਕ ਹੋ ਗਈ।

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਹਰਿਆਣਾ 'ਚ 90 ਸੀਟਾਂ 'ਚੋਂ 40 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਜੇ.ਜੇ.ਪੀ ਨੇ 10 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਕਾਂਗਰਸ ਦੇ ਹਿੱਸੇ 'ਚ 31 ਸੀਟਾਂ ਆਈਆਂ ਸੀ। ਬਾਅਦ 'ਚ ਜੇਜੇਪੀ ਦੇ ਸਹਿਯੋਗ ਨਾਲ ਭਾਜਪਾ ਨੇ ਸਰਕਾਰ ਬਣਾ ਲਈ ਸੀ।


Iqbalkaur

Content Editor

Related News