1100 ਮੁਲਾਜ਼ਮਾਂ ਦੀ ਛਾਂਟੀ ਕਰੇਗੀ JioStar, ਇਸ ਕਾਰਨ ਲਿਆ ਵੱਡਾ ਫੈਸਲਾ
Thursday, Mar 06, 2025 - 09:40 PM (IST)

ਬਿਜ਼ਨੈੱਸ ਡੈਸਕ- ਜੀਓ ਸਟਾਰ ਆਪਣੇ 1100 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਜਾ ਰਹੀ ਹੈ। ਨਵੰਬਰ 2024 ਵਿੱਚ ਵਾਲਟ ਡਿਜ਼ਨੀ ਨਾਲ ਇਸਦੀ ਮੂਲ ਕੰਪਨੀ Viacom18 ਦੇ ਰਲੇਵੇਂ ਤੋਂ ਬਾਅਦ ਕੁਝ ਮੁਲਾਜ਼ਮਾਂ ਦੀਆਂ ਭੂਮਿਕਾਵਾਂ ਓਵਰਲੈਪਿੰਗ ਹੋ ਰਹੀਆਂ ਸਨ। ਇਸਦਾ ਮਤਲਬ ਹੈ ਕਿ ਦੋ ਲੋਕ ਇੱਕ ਸਥਿਤੀ ਵਿੱਚ ਸਨ। ਇਸੇ ਲਈ ਕੰਪਨੀ ਨੇ ਇਹ ਫੈਸਲਾ ਲਿਆ ਹੈ। ਇਹ ਜਾਣਕਾਰੀ ਮਿੰਟ ਨੇ ਸੂਤਰਾਂ ਦੇ ਹਵਾਲੇ ਤੋਂ ਦਿੱਤੀ ਹੈ।
ਰਿਪੋਰਟ ਦੇ ਅਨੁਸਾਰ, ਰਲੇਵੇਂ ਤੋਂ ਬਾਅਦ ਪੁਨਰਗਠਨ ਦੇ ਹਿੱਸੇ ਵਜੋਂ ਕੰਪਨੀ ਵਿੱਚ ਛਾਂਟੀ ਪਿਛਲੇ ਮਹੀਨੇ ਸ਼ੁਰੂ ਹੋਈ ਸੀ ਅਤੇ ਇਹ ਜੂਨ ਤੱਕ ਜਾਰੀ ਰਹਿ ਸਕਦੀ ਹੈ। ਕੰਪਨੀ ਡਿਸਟ੍ਰੀਬਿਊਸ਼ਨ, ਫਾਈਨੈਂਸ, ਵਪਾਰਕ ਅਤੇ ਕਾਨੂੰਨੀ ਵਿਭਾਗਾਂ ਵਿੱਚ ਗੈਰ-ਜ਼ਰੂਰੀ ਭੂਮਿਕਾਵਾਂ ਨੂੰ ਖਤਮ ਕਰ ਰਹੀ ਹੈ।
1 ਸਾਲ ਤਕ ਦੀ ਤਨਖਾਹ ਦੇ ਕੇ ਨੌਕਰੀ ਤੋਂ ਕੱਢ ਰਹੀ ਕੰਪਨੀ
ਕੰਪਨੀ ਜਿਨ੍ਹਾਂ ਮੁਲਾਜ਼ਮਾਂ ਨੂੰ ਫਾਇਰ ਕਰ ਰਹੀ ਹੈ ਉਨ੍ਹਾਂ ਨੂੰ 1 ਸਾਲ ਤਕ ਦੀ ਤਨਖਾਹ ਦਿੱਤੀ ਜਾਵੇਗੀ। ਜੇਕਰ ਕਿਸੇ ਮੁਲਾਜ਼ਮ ਨੇ 1 ਸਾਲ ਪਹਿਲਾਂ ਜੁਆਇਨ ਕੀਤਾ ਸੀ ਤਾਂ ਉਸਨੂੰ 1 ਮਹੀਨੇ ਦੀ ਪੂਰੀ ਤਨਖਾਹ ਮਿਲੇਗੀ ਅਤੇ ਇਸੇ ਹਿਸਾਬ ਨਾਲ ਬਾਕੀ ਮੁਲਾਜ਼ਮਾਂ ਨੂੰ ਵੀ ਮਿਲੇਗੀ।
ਨਵੰਬਰ 'ਚ ਮਰਜਰ- ਦੇਸ਼ ਦਾ ਸਭ ਤੋਂ ਵੱਡਾ ਐਂਟਰਟੇਨਮੈਂਟ ਪਲੇਟਫਾਰਮ ਬਣਿਆ
ਡਿਜ਼ਨੀ ਸਟਾਰ ਇੰਡੀਆ ਅਤੇ ਰਿਲਾਇੰਸ ਦਾ Viacom18 ਦਾ ਮਰਜਰ ਪਿਛਲੇ ਸਾਲ ਨਵੰਬਰ 'ਚ ਹੋਇਆ ਸੀ। ਇਸ ਵਿਚ ਡਿਜ਼ਨੀ ਹਾਟਸਟਾਰ ਅਤੇ ਜੀਓ ਸਿਨੇਮਾ ਵੀ ਸ਼ਾਮਲ ਹੈ। ਇਨ੍ਹਾਂ ਦੋਵਾਂ ਕੰਪਨੀਆਂ ਨੇ ਵੀਰਵਾਰ, 14 ਨਵੰਬਰ ਨੂੰ ਇਸਦਾ ਐਲਾਨ ਕੀਤਾ ਸੀ। ਮਰਜਰ ਤੋਂ ਬਾਅਦ ਇਹ ਦੇਸ਼ ਦਾ ਸਭ ਤੋਂ ਵੱਡਾ ਐਂਟਰਟੇਨਮੈਂਟ ਨੈੱਟਵਰਕ ਬਣ ਗਿਆ ਹੈ।
ਡਿਜ਼ਨੀ-ਰਿਲਾਇੰਸ ਐਂਟਰਟੇਨਮੈਂਟ ਕੋਲ ਹੁਣ 2 ਓਵਰ ਦਿ ਟਾਪ ਯਾਨੀ OTT ਅਤੇ 120 ਚੈਨਲ ਦੇ ਨਾਲ 75 ਕਰੋੜ ਦਰਸ਼ਕ ਹੋ ਗਏ ਹਨ। ਰਿਲਾਇੰਸ ਨੇ ਇਸ ਜਾਇੰਟ ਵੈਂਚਰ ਲਈ 11,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਮਰਜਰ ਦੀ ਪ੍ਰੋਸੈਸ ਬੀਤੇ ਕਰੀਬ 1 ਸਾਲ ਤੋਂ ਚੱਲ ਰਹੀ ਸੀ।
ਦੋਵਾਂ ਕੰਪਨੀਆਂ ਨੇ ਕਿਹਾ ਕਿ ਇਹ ਡੀਲ 70,352 ਕਰੋੜ ਰੁਪਏ 'ਚ ਹੋਈ ਹੈ। ਮਰਜਰ ਤੋਂ ਬਾਅਦ ਬਣੀ ਕੰਪਨੀ 'ਚ ਰਿਲਾਇੰਸ ਦੀ 63.16 ਫੀਸਦੀ ਅਤੇ ਡਿਜ਼ਨੀ ਦੀ 36.84 ਫੀਸਦੀ ਹਿੱਸੇਦਾਰੀ ਹੋਵੇਗੀ। ਇਸ ਨਵੀਂ ਕੰਪਨੀ ਦੀ ਚੇਅਰਪਰਸਨ ਨੀਤਾ ਅੰਬਾਨੀ ਹੋਵੇਗੀ। ਵਾਈਸ ਚੇਅਰਪਰਸਨ ਉਦੈ ਸ਼ੰਕਰ ਹੋਣਗੇ। ਇਹ ਕੰਪਨੀ ਨੂੰ ਰਣਨੀਤਕ ਮਾਰਗਦਰਸ਼ਨ ਪ੍ਰਦਾਨ ਕਰਨਗੇ।