ਝਾਰਖੰਡ : ਪਹਿਲੇ ਗੇੜ ਲਈ ਰੁਕਿਆ ਚੋਣ ਪ੍ਰਚਾਰ, ਕੱਲ ਹੋਵੇਗੀ 13 ਸੀਟਾਂ ਲਈ ਵੋਟਿੰਗ

11/29/2019 10:55:23 AM

ਰਾਂਚੀ— ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਵੀਰਵਾਰ ਦੀ ਸ਼ਾਮ 5 ਵਜੇ ਚੋਣ ਪ੍ਰਚਾਰ ਰੁਕ ਗਿਆ। ਇਸ ਗੇੜ 'ਚ 13 ਸੀਟਾਂ ਲਈ ਕੁੱਲ 37,83,055 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ 30 ਨਵੰਬਰ ਨੂੰ ਕਰਨਗੇ। ਝਾਰਖੰਡ ਦੇ ਮੁੱਖ ਚੋਣ ਅਹੁਦਾ ਅਧਿਕਾਰੀ ਵਿਨੇ ਚੌਬੇ ਨੇ ਦੱਸਿਆ ਕਿ ਪਹਿਲੇ ਗੇੜ 'ਚ 30 ਨਵੰਬਰ ਨੂੰ ਸਵੇਰੇ 7 ਵਜੇ ਤੋਂ ਹੀ ਵੋਟਿੰਗ ਸ਼ੁਰੂ ਹੋ ਜਾਵੇਗੀ ਅਤੇ ਇਸ ਗੇੜ ਦੀਆਂ ਸਾਰੀਆਂ 13 ਸੀਟਾਂ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਹੋਣ ਕਾਰਨ ਉੱਥੇ ਵੋਟਿੰਗ ਦੁਪਹਿਰ 3 ਵਜੇ ਤੱਕ ਹੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਦੁਪਹਿਰ 3 ਵਜੇ ਤੱਕ ਜਿੰਨੇ ਵੀ ਵੋਟਰ ਵੋਟ ਕੇਂਦਰ 'ਤੇ ਪਹੁੰਚ ਜਾਣਗੇ, ਉਨ੍ਹਾਂ ਨੂੰ ਵੋਟਿੰਗ ਦੀ ਮਨਜ਼ੂਰੀ ਹੋਵੇਗੀ। ਪਹਿਲੇ ਗੇੜ 'ਚ ਕੁੱਲ 3783055 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ।

ਨਕਸਲ ਪ੍ਰਭਾਵਿਤ ਖੇਤਰਾਂ 'ਚ ਸਥਿਤ ਪਹਿਲੇ ਗੇੜ ਦੀਆਂ 13 ਸੀਟਾਂ ਲਈ ਕੁੱਲ 189 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ। ਇਸ ਗੇੜ ਲਈ ਕੁੱਲ 3906 ਵੋਟਿੰਗ ਕੇਂਦਰ ਬਣਾਏ ਗਏ ਹਨ। ਇਸ ਗੇੜ 'ਚ ਕੁੱਲ 989 ਵੋਟਿੰਗ ਕੇਂਦਰਾਂ ਤੋਂ ਵੈੱਬਕਾਸਟਿੰਗ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਗੇੜ 'ਚ 30 ਨਵੰਬਰ ਨੂੰ 27-ਚਤਰਾ (ਅਨੁਸੂਚਿਤ ਜਾਤੀ, ਐੱਸ.ਸੀ. ਲਈ ਸੁਰੱਖਿਅਤ), 68-ਗੁਮਲਾ (ਅਨੁਸੂਚਿਤ ਜਨਜਾਤੀ ਲਈ ਸੁਰੱਖਿਅਤ, ਐੱਸ.ਟੀ.), 69- ਬਿਸ਼ੁਨਪੁਰ (ਐੱਸ.ਟੀ.), 72- ਲੋਹਰਦਗਾ (ਐੱਸ.ਟੀ.), 73- ਮਨਿਕਾ (ਐੱਸ.ਟੀ.), 74- ਲਾਤੇਹਾਰ (ਐੱਸ.ਸੀ.), 75- ਪਾਂਕੀ, 76 ਡਾਲਟੇਨਗੰਜ, 77- ਵਿਸ਼ਰਾਮਪੁਰ, 78- ਛੱਤਰਪੁਰ (ਐੱਸ.ਸੀ.), 79- ਹੁਸੈਨਾਬਾਦ, 80- ਗੜ੍ਹਵਾ ਅਤੇ 81- ਭਵਨਾਥਪੁਰ ਸੀਟ ਲਈ ਸਵੇਰੇ 7 ਵਜੇ ਤੋਂ ਵੋਟਿੰਗ ਹੋਵੇਗੀ।

ਚੌਬੇ ਨੇ ਦੱਸਿਆ ਕਿ ਵੋਟਿੰਗ ਕਰਮਚਾਰੀਆਂ ਨੂੰ ਈ.ਵੀ.ਐੱਮ. ਅਤੇ ਹੋਰ ਸਮੱਗਰੀ ਨਾਲ ਵੋਟਿੰਗ ਕੇਂਦਰਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਪਹਿਲੇ ਗੇੜ 'ਚ ਜਿੱਥੇ ਭਾਜਪਾ 13 'ਚੋਂ 12 ਸੀਟਾਂ 'ਤੇ ਖੁਦ ਲੜ ਰਹੀ ਹੈ ਤਾਂ ਉੱਥੇ ਹੀ ਹੁਸੈਨਾਬਾਦ ਦੀ ਸੀਟ 'ਤੇ ਉਸ ਨੇ ਆਜ਼ਾਦ ਵਿਨੋਦ ਸਿੰਘ ਨੂੰ ਸਮਰਥਨ ਦਿੱਤਾ ਹੈ। ਜਦਕਿ ਮਹਾਗਠਜੋੜ 'ਚ ਝਾਮੁਮੋ  4, ਕਾਂਗਰਸ 6 ਅਤੇ ਰਾਸ਼ਟਰੀ ਜਨਤਾ ਦਲ ਤਿੰਨ ਸੀਟਾਂ 'ਤੇ ਮੁਕਾਬਲੇ 'ਚ ਹੈ। ਪਹਿਲੇ ਗੇੜ ਲਈ ਜਿੱਥੇ ਭਾਜਪਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਰੈਲੀਆਂ ਨੂੰ ਸੰਬੋਧਨ ਕੀਤਾ ਤਾਂ ਉੱਥੇ ਹੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2 ਦਿਨਾਂ ਦੌਰੇ 'ਚ 4 ਰੈਲੀਆਂ ਕੀਤੀਆਂ।


DIsha

Content Editor

Related News