'ਜਪੁਜੀ ਸਾਹਿਬ' ਦੀ ਬਾਣੀ ਦਾ 19 ਭਾਸ਼ਾਵਾਂ 'ਚ ਅਨੁਵਾਦ
Sunday, Oct 13, 2019 - 12:35 PM (IST)
ਨਵੀਂ ਦਿੱਲੀ (ਭਾਸ਼ਾ)— ਦੁਨੀਆ ਨੂੰ ਇਕ ਸੂਤਰ ਵਿਚ ਪਿਰੋਣ ਦਾ ਸੰਦੇਸ਼ ਦੇਣ ਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਜਪੁਜੀ ਸਾਹਿਬ' ਦਾ ਦੁਨੀਆ ਦੀਆਂ 19 ਭਾਸ਼ਾਵਾਂ 'ਚ ਅਨੁਵਾਦ ਕੀਤਾ ਗਿਆ ਹੈ। ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਦੇ ਅਜਾਇਬ ਘਰ ਨੂੰ ਸੌਂਪਿਆ ਜਾਵੇਗਾ। ਸਿੱਖ ਧਰਮ ਇੰਟਰਨੈਸ਼ਨਲ ਨੇ ਦੁਨੀਆ ਭਰ ਵਿਚ ਵੱਸਦੇ ਆਪਣੇ ਮੈਂਬਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਜਪੁਜੀ ਸਾਹਿਬ' ਦੇ ਅੰਗਰੇਜ਼ੀ ਅਤੇ ਦੁਨੀਆ ਦੀਆਂ ਹੋਰ 18 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਹੈ। 'ਜਪੁਜੀ ਸਾਹਿਬ- ਦਿ ਲਾਈਟ ਆਫ ਗੁਰੂ ਨਾਨਕ ਫਾਰ ਦਿ ਵਰਲਡ' ਸਿਰਲੇਖ ਦੀਆਂ ਇਨ੍ਹਾਂ ਕਿਤਾਬਾਂ ਦੇ ਰੰਗੀਨ ਕਵਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੈ, ਜਿਸ ਦੇ ਚਾਰੋਂ ਪਾਸੇ 'ਓਂਕਾਰ' ਦਾ ਪਵਿੱਤਰ ਚਿੰਨ੍ਹ ਹੈ। ਚਾਂਦੀ ਦੇ ਕਵਰ 'ਤੇ ਸੁੰਦਰ ਬੇਲ ਬੂਟੇ ਉਕੇਰੇ ਗਏ ਹਨ ਅਤੇ ਇਸ ਨੂੰ ਮੋਤੀ ਅਤੇ ਕੀਮਤੀ ਨਗਾਂ ਨਾਲ ਸਜਾਇਆ ਗਿਆ ਹੈ। ਹਰੇਕ ਕਿਤਾਬ ਦੇ 400 ਪੰਨਿਆਂ ਨੂੰ ਬਹੁਤ ਕਲਾਤਮਕ ਅੰਦਾਜ਼ ਵਿਚ ਤਿਆਰ ਕੀਤਾ ਗਿਆ ਹੈ।
ਸਿੱਖ ਧਰਮ ਇੰਟਰਨੈਸ਼ਨਲ ਨਾਲ ਸੰਬੰਧਤ ਸ਼ਾਂਤੀ ਕੌਰ ਖਾਲਸਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੋਸ਼ਿਸ਼ ਜ਼ਰੀਏ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ 'ਜਪੁਜੀ ਸਾਹਿਬ' ਦੇ ਅਰਥ ਦੀ ਡੂੰਘਾਈ ਅਤੇ ਇਸ ਦੀਆਂ ਸਿੱਖਿਆਵਾਂ ਨੂੰ ਸਹੀ ਤਰੀਕੇ ਨਾਲ ਸਮਝ ਕੇ ਆਪਣੀ ਜ਼ਿੰਦਗੀ 'ਚ ਸਮਾ ਸਕਣ। ਓਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ 'ਜਪੁਜੀ ਸਾਹਿਬ' ਦੀ ਮਹੱਤਤਾ 'ਤੇ ਪ੍ਰਕਾਸ਼ ਪਾਉਂਦੇ ਹੋਏ ਦੱਸਿਆ ਕਿ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਲ ਬਾਣੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ 'ਜਪੁਜੀ ਸਾਹਿਬ' ਨਾਲ ਹੀ ਹੁੰਦੀ ਹੈ। ਇਹ ਬਾਣੀ ਸਿੱਖ ਧਰਮ ਦੀ ਮਰਿਆਦਾ ਮੁਤਾਬਕ ਰੋਜ਼ਾਨਾ ਪੜ੍ਹੀ ਜਾਣ ਵਾਲੀਆਂ 5 ਬਾਣੀਆਂ ਵਿਚ ਵੀ ਪਹਿਲੀ ਬਾਣੀ ਹੈ।