ਜਾਪਾਨੀ ਮੀਡੀਆ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ- ਭਾਰਤ ਦੇ ਨਾਂ ਰਹਿਣ ਵਾਲਾ ਹੈ 2023
Thursday, Jan 05, 2023 - 04:57 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਹੀ ਸਗੋਂ ਵਿਦੇਸ਼ਾਂ 'ਚ ਵੀ ਪਸੰਦ ਕੀਤਾ ਜਾਂਦਾ ਹੈ। ਜਾਪਾਨ ਦੀ ਇਕ ਮੀਡੀਆ ਕੰਪਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੀ ਸ਼ਲਾਘਾ ਕੀਤੀ ਹੈ। ਮੀਡੀਆ ਕੰਪਨੀ ਨੇ ਲਿਖਿਆ ਕਿ ਸਾਲ 2023 ਭਾਰਤ ਦੇ ਨਾਂ ਰਹਿਣ ਵਾਲਾ ਹੈ। ਜਾਪਾਨੀ ਮੀਡੀਆ ਕੰਪਨੀ 'ਨਿੱਕੇਈ ਏਸ਼ੀਆ' ਦੇ ਪ੍ਰਧਾਨ ਸੰਪਾਦਕ ਸ਼ਿਗੇਸਾਬੁਰੋ ਓਕੁਮੁਰਾ ਨੇ ਆਪਣੇ ਲੇਖ ਵਿਚ ਲਿਖਿਆ ਕਿ ਸਾਲ 2023 ਨੂੰ ਭਾਰਤ ਦੁਨੀਆ 'ਚ ਤੀਜੇ ਧਰੁਵ ਦੇ ਰੂਪ 'ਚ ਉਭਰਨ ਲਈ ਯਾਦ ਕੀਤਾ ਜਾਵੇਗਾ।
ਓਕੁਮੁਰਾ ਨੇ ਅੱਗੇ ਲਿਖਿਆ ਕਿ ਇਸ ਸਾਲ ਭਾਰਤ ਜੀ-20 ਦੀ ਪ੍ਰਧਾਨਗੀ ਵੀ ਕਰ ਰਿਹਾ ਹੈ। ਮੋਦੀ ਸਰਕਾਰ 2024 ਵਿਚ ਭਾਰਤ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਗਵਾਈ ਸਮਰੱਥਾ ਵਿਖਾਉਣ ਲਈ ਉਤਸੁਕ ਹੋਵੇਗੀ। ਕੰਪਨੀ ਨੇ ਲੇਖ ਦੇ ਅਖ਼ੀਰ ਵਿਚ ਸਿੱਟਾ ਕੱਢਿਆ ਕਿ ਨਵੇਂ ਸਾਲ ਵਿਚ ਅਮਰੀਕਾ, ਚੀਨ, ਭਾਰਤ ਸਮੇਤ 3 ਧਰੁਵੀ ਵਾਲੀ ਦੁਨੀਆ ਦੀ ਸ਼ੁਰੂਆਤ ਹੋ ਸਕਦੀ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਓਕੁਮੁਰਾ ਨੇ ਆਪਣੇ ਲੇਖ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਵੀ ਜ਼ਿਕਰ ਕੀਤਾ।
ਓਕੁਮੁਰਾ ਨੇ ਇਹ ਵੀ ਲਿਖਿਆ ਕਿ ਭਾਰਤ ਦੀ ਤਾਕਤ ਇਸ ਦੀ ਸੁਤੰਤਰ ਕੂਟਨੀਤੀ ਹੈ। ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਨਾਲ ਕਵਾਡ ਦਾ ਮੈਂਬਰ ਰਹਿੰਦੇ ਹੋਏ ਭਾਰਤ, ਰੂਸ ਨਾਲ ਫ਼ੌਜੀ ਅਭਿਆਸ ਵਿਚ ਹਿੱਸਾ ਲੈਂਦਾ ਹੈ ਅਤੇ ਮਾਸਕੋ ਨਾਲ ਤੇਲ ਅਤੇ ਹਥਿਆਰਾਂ ਦਾ ਆਯਾਦ ਕਰਦਾ ਹੈ। ਚੀਨ ਨਾਲ ਸਰਹੱਦੀ ਵਿਵਾਦ ਦੇ ਬਾਵਜੂਦ ਭਾਰਤ ਬ੍ਰਿਕਸ ਦਾ ਸਨਮਾਨ ਕਰਦਾ ਹੈ।