ਜੰਮੂ 'ਚ ਦੋ ਘਰਾਂ 'ਚੋਂ ਇਕ ਪਰਿਵਾਰ ਦੇ 6 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ

Wednesday, Aug 17, 2022 - 09:54 AM (IST)

ਜੰਮੂ 'ਚ ਦੋ ਘਰਾਂ 'ਚੋਂ ਇਕ ਪਰਿਵਾਰ ਦੇ 6 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ

ਜੰਮੂ (ਭਾਸ਼ਾ)- ਜੰਮੂ 'ਚ ਬੁੱਧਵਾਰ ਤੜਕੇ 2 ਵੱਖ-ਵੱਖ ਘਰਾਂ 'ਚੋਂ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਨੂਰ-ਉਲ-ਹਬੀਬ, ਸਜਾਦ ਅਹਿਮਦ ਮਾਗਰੇ, ਸਕੀਨਾ ਬੇਗਮ ਅਤੇ ਉਸ ਦੀ ਧੀ ਨਸੀਮਾ ਅਖਤਰ ਦੀਆਂ ਲਾਸ਼ਾਂ ਸਿਧਰਾ ਦੇ ਤਾਵੀ ਵਿਹਾਰ ਇਲਾਕੇ ਵਿਚ ਹਬੀਬ ਦੇ ਘਰ ਤੋਂ ਮਿਲੀਆਂ ਹਨ, ਜਦੋਂ ਕਿ ਰੁਬੀਨਾ ਬਾਨੋ ਅਤੇ ਉਸ ਦੇ ਭਰਾ ਜ਼ਫਰ ਸਲੀਮ ਦੀਆਂ ਲਾਸ਼ਾਂ ਨੇੜਲੇ ਘਰ ਤੋਂ ਮਿਲੀਆਂ ਹਨ। ਸੀਨੀਅਰ ਪੁਲਸ ਪੁਲਿਸ ਸੁਪਰਡੈਂਟ (ਐੱਸ.ਐੱਸ.ਪੀ.) ਚੰਦਨ ਕੋਹਲੀ ਨੇ ਕਿਹਾ ਕਿ ਘਟਨਾ ਦੀ ਜਾਂਚ ਲਈ ਐੱਸ.ਪੀ. ਸੰਜੇ ਸ਼ਰਮਾ ਦੀ ਅਗਵਾਈ ਵਿਚ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਸ਼੍ਰੀਨਗਰ ਦੇ ਬਰਜ਼ੁਲਾ ਇਲਾਕੇ ਦੀ ਰਹਿਣ ਵਾਲੀ ਹਬੀਬ ਦੀ ਭੈਣ ਸ਼ਹਿਜ਼ਾਦਾ ਨੇ ਪੁਲਸ ਨੂੰ ਫ਼ੋਨ 'ਤੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੇ ਭਰਾ ਨੇ ਖੁਦਕੁਸ਼ੀ ਕਰ ਲਈ ਹੈ ਕਿਉਂਕਿ ਉਹ ਉਸ ਦੇ ਫ਼ੋਨ ਦਾ ਜਵਾਬ ਨਹੀਂ ਦੇ ਰਿਹਾ ਹੈ।

ਇਹ ਵੀ ਪੜ੍ਹੋ : 'Free Fire' ਗੇਮ ਦੀ ਮਦਦ ਨਾਲ ਪੁਲਸ ਨੇ ਪਰਿਵਾਰ ਨਾਲ ਮਿਲਾਈ ਲਾਪਤਾ ਕੁੜੀ, ਜਾਣੋ ਕਿਵੇਂ

ਉਨ੍ਹਾਂ ਦੱਸਿਆ ਕਿ ਹਬੀਬ ਦੇ ਘਰ ਪਹੁੰਚਣ ਤੋਂ ਬਾਅਦ ਪੁਲਸ ਨੇ ਦੇਖਿਆ ਕਿ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਬੱਦਬੂ ਆ ਰਹੀ ਸੀ। ਸਥਾਨਕ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਗੁਆਂਢ ਦੇ ਇਕ ਘਰ 'ਚ ਪਰਿਵਾਰ ਦਾ ਰਿਸ਼ਤੇਦਾਰ ਗੁਲਾਮ ਹੁਸੈਨ ਰਹਿੰਦਾ ਹੈ। ਬੁਲਾਰੇ ਨੇ ਦੱਸਿਆ ਕਿ ਜਦੋਂ ਪੁਲਸ ਉਸ ਦੇ ਘਰ ਪਹੁੰਚੀ ਤਾਂ ਉਸ ਨੂੰ ਉੱਥੋਂ ਵੀ 2 ਹੋਰ ਲੋਕਾਂ ਦੀ ਲਾਸ਼ਾਂ ਮਿਲੀਆਂ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰ ਇਹ ਜ਼ਹਿਰੀਲੀ ਵਸਤੂ ਖਾਣ ਦਾ ਮਾਮਲਾ ਲੱਗ ਰਿਹਾ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਲੋਕਾਂ ਨੂੰ ਜ਼ਬਰਨ ਜ਼ਹਿਰ ਦਿੱਤਾ ਗਿਆ ਸੀ। ਐੱਸ.ਐੱਸ.ਪੀ. ਕੋਹਲੀ ਵੀ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਘਟਨਾ ਦੀ ਡੂੰਘੀ ਜਾਂਚ ਦੇ ਆਦੇਸ਼ ਦਿੱਤੇ। ਕੋਹਲੀ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਇੱਥੋਂ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ITBP ਜਵਾਨਾਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 7 ਸੁਰੱਖਿਆ ਕਰਮੀ ਸ਼ਹੀਦ


author

DIsha

Content Editor

Related News