LoC ਨੇੜੇ IED ਬਲਾਸਟ, ਦੋ ਜਵਾਨ ਸ਼ਹੀਦ, ਇਕ ਜ਼ਖ਼ਮੀ
Tuesday, Feb 11, 2025 - 06:21 PM (IST)
![LoC ਨੇੜੇ IED ਬਲਾਸਟ, ਦੋ ਜਵਾਨ ਸ਼ਹੀਦ, ਇਕ ਜ਼ਖ਼ਮੀ](https://static.jagbani.com/multimedia/2025_2image_18_21_421027878blast.jpg)
ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਵਿੱਚ ਐੱਲ.ਓ.ਸੀ. ਨੇੜੇ ਹੋਏ ਆਈ.ਈ.ਡੀ. ਧਮਾਕੇ ਵਿੱਚ ਦੋ ਜਵਾਨ ਸ਼ਹੀਦ ਹੋ ਗਏ, ਜਦੋਂ ਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਹੈ ਜਿਸਦਾ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ, ਮੰਗਲਵਾਰ ਦੁਪਹਿਰ ਕਰੀਬ 3:30 ਵਜੇ ਜੰਮੂ ਜ਼ਿਲ੍ਹੇ ਦੇ ਖੌਰ ਪੁਲਸ ਸਟੇਸ਼ਨ ਅਧੀਨ ਆਉਂਦੇ ਕੇਰੀ ਬੱਟਲ ਖੇਤਰ ਵਿੱਚ ਕੰਟਰੋਲ ਰੇਖਾ ਨੇੜੇ ਇੱਕ ਆਈ.ਈ.ਡੀ. ਧਮਾਕਾ ਹੋਇਆ। ਇਸ ਵਿੱਚ ਤਿੰਨ ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਫੌਜ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਦੋ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਅਧਿਕਾਰੀਆਂ ਅਨੁਸਾਰ, ਫੌਜ ਦੀ ਟੀਮ ਅਖਨੂਰ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਅੱਤਵਾਦੀਆਂ ਨੇ ਆਈ.ਈ.ਡੀ. ਧਮਾਕਾ ਕੀਤਾ। ਇਸ ਨਾਲ ਤਿੰਨ ਜਵਾਨ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਫੌਜ ਦੇ ਹੋਰ ਜਵਾਨ ਮੌਕੇ 'ਤੇ ਪਹੁੰਚ ਗਏ ਅਤੇ ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।
ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਧਮਾਕਾ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਦੇ ਧਮਾਕੇ ਕਾਰਨ ਹੋਇਆ ਸੀ, ਜਿਸਨੂੰ ਸ਼ੱਕੀ ਅੱਤਵਾਦੀਆਂ ਦੁਆਰਾ ਲਗਾਇਆ ਗਿਆ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਤੋਂ ਤੁਰੰਤ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ, ਸੋਮਵਾਰ ਨੂੰ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (LOC) 'ਤੇ ਗੋਲੀਬਾਰੀ ਵਿੱਚ ਫੌਜ ਦਾ ਇੱਕ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਸੀ। ਜਵਾਨ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ਵਿੱਚ ਇੱਕ ਅਗਲੀ ਚੌਕੀ 'ਤੇ ਤਾਇਨਾਤ ਸੀ, ਉਸ ਦੌਰਾਨ ਉਸਨੂੰ ਗੋਲੀ ਲੱਗੀ ਅਤੇ ਉਸਨੂੰ ਤੁਰੰਤ ਫੌਜੀ ਹਸਪਤਾਲ ਲਿਜਾਇਆ ਗਿਆ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਗੋਲੀਬਾਰੀ ਕੰਟਰੋਲ ਰੇਖਾ ਦੇ ਪਾਰ ਤੋਂ ਦੁਪਹਿਰ 2.40 ਵਜੇ ਦੇ ਕਰੀਬ ਹੋਈ ਸੀ।