ਸ਼੍ਰੀਨਗਰ ''ਚ ਸਰਕਾਰੀ ਘਰ ਆਪਣੀ ਇੱਛਾ ਨਾਲ ਖਾਲੀ ਕਰਨਗੇ ਉਮਰ ਅਬਦੁੱਲਾ
Wednesday, Sep 09, 2020 - 03:44 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ 18 ਸਾਲ ਪਹਿਲਾਂ ਅਲਾਟ ਕੀਤੇ ਗਏ ਸਰਕਾਰੀ ਘਰ ਨੂੰ ਆਪਣੀ ਇੱਛਾ ਨਾਲ ਖਾਲੀ ਕਰ ਰਹੇ ਹਨ। ਉਨ੍ਹਾਂ ਨੇ ਇਹ ਫੈਸਲਾ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਨਿਯਮਾਂ 'ਚ ਤਬਦੀਲੀ ਤੋਂ ਬਾਅਦ ਲਿਆ ਹੈ। ਉਮਰ ਨੂੰ 2002 'ਚ ਉੱਚ ਸੁਰੱਖਿਆ ਵਾਲੇ ਗੁਪਕਰ ਇਲਾਕੇ 'ਚ ਸਰਕਾਰੀ ਘਰ ਦਿੱਤਾ ਗਿਆ ਸੀ, ਜਦੋਂ ਉਹ ਲੋਕ ਸਭਾ ਦੇ ਮੈਂਬਰ ਸਨ। ਅਬਦੁੱਲਾ ਨੇ ਟਵਿੱਟਰ 'ਤੇ ਉਨ੍ਹਾਂ ਵਲੋਂ ਇਸ ਸਾਲ ਜੁਲਾਈ 'ਚ ਲਿਖੀ ਚਿੱਠੀ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਸੰਬੰਧਤ ਪ੍ਰਸ਼ਾਸਨਿਕ ਸਕੱਤਰ ਨੂੰ ਗੁਪਕਰ ਇਲਾਕੇ ਸਥਿਤ ਘਰ ਖਾਲੀ ਕਰਨ ਲਈ ਉਨ੍ਹਾਂ ਦੇ ਫੈਸਲੇ ਬਾਰੇ ਦੱਸ ਦਿੱਤਾ ਹੈ। ਇਹ ਬੰਗਲਾ ਉਨ੍ਹਾਂ ਨੇ 2002 'ਚ ਲੋਕ ਸਭਾ ਦਾ ਸੰਸਦ ਮੈਂਬਰ ਚੁਣੇ ਜਾਣ ਅਤੇ ਉਸ ਤੋਂ ਬਾਅਦ ਸਾਬਕਾ ਰਾਜ ਦਾ 2009 ਤੋਂ 2015 ਤੱਕ ਮੁੱਖ ਮੰਤਰੀ ਰਹਿਣ ਦੌਰਾਨ ਅਲਾਟ ਕੀਤਾ ਗਿਆ ਸੀ।
ਉਨ੍ਹਾਂ ਨੇ ਟਵੀਟ ਕੀਤਾ,''ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਮੇਰੀ ਚਿੱਠੀ। ਮੈਂ ਅਕਤੂਬਰ ਅੰਤ ਤੋਂ ਪਹਿਲਾਂ ਸ਼੍ਰੀਨਗਰ 'ਚ ਆਪਣੇ ਸਰਕਾਰੀ ਘਰ ਨੂੰ ਖਾਲੀ ਕਰ ਦੇਵਾਂਗਾ। ਮੀਡੀਆ 'ਚ ਪਿਛਲੇ ਸਾਲ ਇਸ ਦੇ ਉਲਟ ਖਬਰਾਂ ਚਲਾਈਆਂ ਗਈਆਂ ਸਨ, ਮੈਨੂੰ ਘਰ ਖਾਲੀ ਕਰਨ ਲਈ ਕੋਈ ਨੋਟਿਸ ਨਹੀਂ ਮਿਲਿਆ ਹੈ ਅਤੇ ਮੈਂ ਆਪਣੀ ਮਰਜ਼ੀ ਨਾਲ ਇਸ ਨੂੰ ਖਾਲੀ ਕਰ ਰਿਹਾ ਹਾਂ।'' ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਨੇ ਕਿਹਾ ਕਿ ਉਹ ਕਿਸੇ ਉੱਚਿਤ ਘਰ ਦੀ ਤਲਾਸ਼ ਕਰ ਰਹੇ ਹਨ ਅਤੇ ਕੋਵਿਡ-19 ਮਹਮਾਰੀ ਕਾਰਨ ਪੈਦਾ ਪਰੇਸ਼ਾਨੀਆਂ ਕਾਰਨ ਇਸ 'ਚ 8 ਤੋਂ 10 ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਸਰਕਾਰੀ ਜਾਇਦਾਦ 'ਤੇ ਬਿਨਾਂ ਕਿਸੇ ਅਧਿਕਾਰ ਦੇ ਹੱਕ ਨਹੀਂ ਜਤਾਇਆ ਅਤੇ ਮੇਰਾ ਹੁਣ ਅਜਿਹਾ ਕੁਝ ਕਰਨ ਦਾ ਕੋਈ ਇਰਾਦਾ ਨਹੀਂ ਹੈ।'' ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਰਹਿ ਚੁਕੇ ਅਬਦੁੱਲਾ ਜੰਮੂ ਜਾਂ ਸ਼੍ਰੀਨਗਰ 'ਚ ਸਰਕਾਰੀ ਘਰ ਦੇ ਹੱਕਦਾਰ ਸਨ ਪਰ ਪ੍ਰਸ਼ਾਸਨ ਨੇ ਇਸ ਸਾਲ ਦੀ ਸ਼ੁਰੂਆਤ 'ਚ ਨਿਯਮਾਂ 'ਚ ਤਬਦੀਲੀ ਕਰ ਦਿੱਤੀ ਸੀ।