ਜਾਮੀਆ ਮਸਜਿਦ ਪੂਰੀ ਤਰ੍ਹਾਂ ਖੁੱਲ੍ਹੀ, ਪੁਲਸ ਨੇ ਓਵੈਸੀ ਦੇ ਦਾਅਵੇ ਦਾ ਦਿੱਤਾ ਜਵਾਬ
Wednesday, Sep 21, 2022 - 01:13 PM (IST)

ਸ਼੍ਰੀਨਗਰ- ਸ਼੍ਰੀਨਗਰ ਸਥਿਤ ਇਤਿਹਾਸਕ ਜਾਮੀਆ ਮਸਜਿਦ ਬੰਦ ਹੋਣ ’ਤੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਿਲਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ ਦੇ ਦਾਅਵੇ ਦਾ ਜਵਾਬ ਦਿੰਦੇ ਹੋਏ ਜੰਮੂ-ਕਸ਼ਮੀਰ ਪੁਲਸ ਨੇ ਇਸ ਨੂੰ ਅਫ਼ਵਾਹ ਦੱਸਿਆ। ਪੁਲਸ ਨੇ ਸਪੱਸ਼ਟ ਕੀਤਾ ਕਿ ਜਾਮੀਆ ਮਸਜਿਦ ਪੂਰੀ ਤਰ੍ਹਾਂ ਖੁੱਲ੍ਹੀ ਹੋਈ ਹੈ ਅਤੇ ਅਜਿਹੇ ਮਾਮਲਿਆਂ ’ਚ ਦੂਰ ਹੋਣ ਕਾਰਨ ਜਾਣਕਾਰੀ ਨਾ ਹੋਣ ਦਾ ਬਹਾਨਾ ਨਹੀਂ ਬਣਾਇਆ ਜਾ ਸਕਦਾ। ਓਵੈਸੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਸ਼੍ਰੀਨਗਰ ਦੀ ਇਤਿਹਾਸਕ ਜਾਮੀਆ ਮਸਜਿਦ ਹਰ ਸ਼ੁੱਕਰਵਾਰ ਬੰਦ ਰਹਿੰਦੀ ਹੈ।
ਉਪ ਰਾਜਪਾਲ ਮਨੋਜ ਸਿਨਹਾ ਵਲੋਂ ਐਤਵਾਰ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਅਤੇ ਸ਼ੋਪੀਆ ’ਚ ਬਹੁ-ਉਦੇਸ਼ੀ ਸਿਨੇਮਾਘਰ ਦਾ ਉਦਘਾਟਨ ਕਰਨ ’ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਓਵੈਸੀ ਨੇ ਟਵੀਟ ਕੀਤਾ ਅਤੇ ਸਿਨਹਾ ਤੋਂ ਪੁੱਛਿਆ ਕਿ ਸ਼੍ਰੀਨਗਰ ਜਾਮੀਆ ਮਸਜਿਦ ਹਰ ਸ਼ੁੱਕਰਵਾਰ ਬੰਦ ਕਿਉਂ ਰਹਿੰਦੀ ਹੈ? ਉਨ੍ਹਾਂ ਨੇ ਕਿਹਾ ਕਿ ਤੁਸੀਂ ਪੁਲਵਾਮਾ ਅਤੇ ਸ਼ੋਪੀਆਂ ’ਚ ਸਿਨੇਮਾਘਰ ਖੋਲ੍ਹੇ ਹਨ ਪਰ ਸ਼੍ਰੀਨਗਰ ਜਾਮੀਆ ਮਸਜਿਦ ਹਰ ਸ਼ੁੱਕਰਵਾਰ ਨੂੰ ਬੰਦ ਕਿਉਂ ਰਹਿੰਦੀ ਹੈ?
ਓਧਰ ਸ਼੍ਰੀਨਗਰ ਪੁਲਸ ਨੇ ਓਵੈਸੀ ਦੇ ਟਵੀਟ ’ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਇਸ ਨੂੰ ਕੋਰੀ ਅਫ਼ਵਾਹ ਕਰਾਰ ਦਿੱਤਾ ਸੀ। ਪੁਲਸ ਨੇ ਕਿਹਾ ਕਿ ਇਕ ਗੈਰ-ਕਸ਼ਮੀਰ ਅਧਾਰਿਤ ਰਾਜਨੇਤਾ ਵਲੋਂ ਅਫ਼ਵਾਹ ਫੈਲਾਈ ਗਈ ਹੈ ਕਿ ਜਾਮੀਆ ਮਸਜਿਦ ਬੰਦ ਹੈ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਜਾਮੀਆ ਮਸਜਿਦ ਪੂਰੀ ਤਰ੍ਹਾਂ ਖੁੱਲ੍ਹੀ ਹੈ। ਜੋ ਵਿਅਕਤੀ ਅਸਲੀਅਤ ਤੋਂ ਕੋਹਾਂ ਦੂਰ ਹੈ, ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਵਿਵਹਾਰ ਕਰਨਾ ਚਾਹੀਦਾ ਹੈ।