ਜੈਸਲਮੇਰ ਬੱਸ ਹਾਦਸੇ ਦੇ ਮ੍ਰਿਤਕਾਂ ਦੀ ਗਿਣਤੀ ਹੋਈ 20, PM ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ
Wednesday, Oct 15, 2025 - 02:52 AM (IST)

ਜੈਸਲਮੇਰ (ਰਾਜੇਂਦਰ ਵਿਆਸ) - ਮੰਗਲਵਾਰ ਦੁਪਹਿਰ ਜੈਸਲਮੇਰ ਤੋਂ ਜੋਧਪੁਰ ਆ ਰਹੀ ਨਿੱਜੀ ਸਲੀਪਰ ਏ. ਸੀ. ਬੱਸ ’ਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 20 ਲੋਕਾਂ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖਮੀ ਹੋ ਗਏ। ਅੱਗ ਤੋਂ ਬਚਣ ਲਈ ਕਈ ਲੋਕਾਂ ਨੇ ਚੱਲਦੀ ਬੱਸ ’ਚੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ। ਹਾਦਸਾ ਜੈਸਲਮੇਰ-ਜੋਧਪੁਰ ਹਾਈਵੇਅ ’ਤੇ ਥਈਯਾਤ ਪਿੰਡ ਦੇ ਕੋਲ ਦੁਪਹਿਰ ਲੱਗਭਗ ਸਾਢੇ ਤਿੰਨ ਵਜੇ ਵਾਪਰਿਆ।
ਅੱਗ ਸ਼ਾਰਟ ਸਰਕਟ ਨਾਲ ਲੱਗਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਬੱਸ ’ਚ 57 ਲੋਕ ਸਵਾਰ ਸਨ। ਬੱਸ ਰੋਜ਼ਾਨਾ ਵਾਂਗ ਦੁਪਹਿਰ ਕਰੀਬ 3 ਵਜੇ ਜੈਸਲਮੇਰ ਤੋਂ ਜੋਧਪੁਰ ਲਈ ਰਵਾਨਾ ਹੋਈ ਸੀ। ਲੱਗਭਗ 20 ਕਿਲੋਮੀਟਰ ਦੂਰ ਰਸਤੇ ’ਚ ਥਈਯਾਤ ਪਿੰਡ ਦੇ ਕੋਲ ਅਚਾਨਕ ਬੱਸ ਦੇ ਪਿਛਲੇ ਹਿੱਸੇ ’ਚ ਧੂਆਂ ਉੱਠਣ ਲੱਗਾ। ਵੇਖਦਿਆਂ ਹੀ ਵੇਖਦਿਆਂ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ’ਚ ਲੈ ਲਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਆਸਪਾਸ ਦੇ ਪਿੰਡਾਂ ਦੇ ਵਸਨੀਕ ਅਤੇ ਰਾਹਗੀਰਾਂ ਨੂੰ ਮੌਕੇ ’ਤੇ ਪੁੱਜ ਕੇ ਰਾਹਤ ਕਾਰਜ ਸ਼ੁਰੂ ਕੀਤਾ। ਲੋਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਸ ਨੂੰ ਸੂਚਨਾ ਦਿੱਤੀ। ਜ਼ਖਮੀ ਯਾਤਰੀਆਂ ਨੂੰ 3 ਐਂਬੂਲੈਂਸਾਂ ਰਾਹੀਂ ਜੈਸਲਮੇਰ ਦੇ ਰਤਨ ਅਤੇ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਲਿਜਾਇਆ ਗਿਆ। ਨਗਰ ਕੌਂਸਲ ਦੇ ਸਹਾਇਕ ਫਾਇਰ ਅਧਿਕਾਰੀ ਕ੍ਰਿਸ਼ਨਪਾਲ ਸਿੰਘ ਰਾਠੌਰ ਨੇ ਦੱਸਿਆ ਕਿ ਹਾਦਸੇ ’ਚ 20 ਲੋਕਾਂ ਦੀ ਮੌਤ ਹੋ ਗਈ ਹੈ।
ਰਾਠੌਰ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਘਟਨਾ ਵਾਲੀ ਥਾਂ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ। ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਹਾਦਸੇ ਤੋਂ ਬਾਅਦ ਫੌਜ ਅਤੇ ਜ਼ਿਲਾ ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਬੱਸ ’ਚ ਅੱਗ ਬੁਝਾਉਣ ਤੋਂ ਬਾਅਦ ਫੌਜ ਦੇ ਅਧਿਕਾਰੀ ਬੱਸ ਨੂੰ ਆਰਮੀ ਹਸਪਤਾਲ ਲੈ ਗਏ ਹਨ। ਉੱਥੇ ਫਾਰੈਂਸਿਕ ਅਤੇ ਡੀ. ਐੱਨ. ਏ. ਟੀਮ ਨੂੰ ਬੁਲਾਇਆ ਗਿਆ ਹੈ। ਫੌਜ ਦੇ ਜਵਾਨ ਵੀ ਮੌਕੇ ’ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ।
ਓਧਰ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਨ ਵਾਲੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹੋਏ ਉਨ੍ਹਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।