PMVY ਸਕੀਮ ਨੂੰ ਲਾਗੂ ਕਰਨ ਵਾਲਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਜੰਮੂ-ਕਸ਼ਮੀਰ
Wednesday, Jan 03, 2024 - 12:48 PM (IST)
ਜੰਮੂ- ਜੰਮੂ ਅਤੇ ਕਸ਼ਮੀਰ,ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ (PMVY) ਨੂੰ ਲਾਗੂ ਕਰਨ ਵਾਲਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ ਹੈ। ਇਸ ਦਾ ਉਦੇਸ਼ ਕਾਰੀਗਰ ਭਾਈਚਾਰੇ ਦੇ ਹੁਨਰ ਨੂੰ ਸ਼ਕਤੀ ਪ੍ਰਦਾਨ ਕਰਕੇ ਇਸ ਨੂੰ ਅੱਗੇ ਲਿਜਾਉਣਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਲੈਫਟੀਨੈਂਟ ਗਵਰਨਰ ਰਾਜੀਵ ਰਾਏ ਭਟਨਾਗਰ ਦੇ ਸਲਾਹਕਾਰ ਅਤੇ ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE) ਦੇ ਸਕੱਤਰ ਅਤੁਲ ਕੁਮਾਰ ਤਿਵਾੜੀ ਨੇ ਉਦਯੋਗਿਕ ਸਿਖਲਾਈ ਸੰਸਥਾ (ITI) ਵਿਖੇ 'ਟੇਲਰ ਕਰਾਫਟ' ਵਿੱਚ 30 ਸਿਖਿਆਰਥੀਆਂ (ਵਿਸ਼ਵਕਰਮਾ) ਦੇ ਪਹਿਲੇ ਬੈਚ ਲਈ ਸਿਖਲਾਈ ਪ੍ਰੋਗਰਾਮ ਦਾ ਵਰਚੁਅਲੀ ਉਦਘਾਟਨ ਕੀਤਾ।
ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਸਵੈ-ਰੁਜ਼ਗਾਰ ਰਾਹੀਂ ਕਾਰੀਗਰ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਵਜੋਂ, ਟੇਲਰ ਕਰਾਫਟ ਸੈਕਟਰ 'ਚ 30 ਸਿਖਿਆਰਥੀਆਂ ਦੇ ਪਹਿਲੇ ਬੈਚ ਲਈ ਅੱਜ ITI ਸ਼ੋਪੀਆਂ ਵਿਖੇ ਸਿਖਲਾਈ ਸ਼ੁਰੂ ਕੀਤੀ ਗਈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਪੀਐੱਮ ਵਿਸ਼ਵਕਰਮਾ ਯੋਜਨਾ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ। ਭਟਨਾਗਰ ਨੇ ਇਸ ਮੌਕੇ ਜੰਮੂ-ਕਸ਼ਮੀਰ 'ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਹੁਨਰ ਵਿਕਾਸ ਦੇ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਦਾ ਜ਼ਿਕਰ ਕੀਤਾ।
ਅਧਿਕਾਰੀਆਂ ਨੇ ਕਿਹਾ ਕਿ PMVY ਸਤੰਬਰ 2023 'ਚ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਕ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਪੀਐਮ ਵਿਸ਼ਵਕਰਮਾ ਸਰਟੀਫਿਕੇਟ ਅਤੇ ਪਛਾਣ ਪੱਤਰ ਰਾਹੀਂ ਕਾਰੀਗਰਾਂ ਨੂੰ ਇਕ ਨਵੀਂ ਪਛਾਣ ਦੇਣਾ ਹੈ। ਇਹ ਸਕੀਮ 5 ਤੋਂ 7 ਦਿਨਾਂ ਦੀ ਮੁੱਢਲੀ ਸਿਖਲਾਈ ਅਤੇ 15 ਦਿਨ ਜਾਂ ਇਸ ਤੋਂ ਵੱਧ ਦੀ ਉੱਨਤ ਸਿਖਲਾਈ ਪ੍ਰਦਾਨ ਕਰਦੀ ਹੈ। ਇਹ ਸਕੀਮ ਵਿਅਕਤੀ ਨੂੰ 500 ਰੁਪਏ ਪ੍ਰਤੀ ਦਿਨ ਪ੍ਰਦਾਨ ਕਰਦੀ ਹੈ ਅਤੇ ਇਸ ਵਿਚ ਸਿੱਖਿਅਤ ਵਿਸ਼ਵਕਰਮਾ ਲਈ 15,000 ਰੁਪਏ ਦੀ ਇਕ ਮੁਫਤ ਆਧੁਨਿਕ ਟੂਲਕਿੱਟ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਭਾਂ ਤੋਂ ਇਲਾਵਾ ਇਹ ਸਕੀਮ ਉਨ੍ਹਾਂ ਦੇ ਕਾਰੋਬਾਰਾਂ ਦਾ ਵਿਸਥਾਰ ਕਰਨ ਲਈ ਕਰੈਡਿਟ ਅਧਾਰਤ ਸਾਫਟ ਲੋਨ ਅਤੇ ਮਾਰਕੀਟਿੰਗ ਸਹਾਇਤਾ ਵੀ ਪ੍ਰਦਾਨ ਕਰਦੀ ਹੈ।