J-K ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤੀ ਤੀਜੀ ਲਿਸਟ, ਊਧਮਪੁਰ ਪੱਛਮੀ ਤੋਂ ਸੁਮਿਤ ਮੰਗੋਤਰਾ ਨੂੰ ਦਿੱਤੀ ਟਿਕਟ
Tuesday, Sep 10, 2024 - 01:48 AM (IST)
ਨੈਸ਼ਨਲ ਡੈਸਕ : ਕਾਂਗਰਸ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਆਪਣੀ ਤੀਜੀ ਸੂਚੀ ਵਿਚ 19 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਲੰਗੇਟ ਤੋਂ ਇਰਸ਼ਾਦ ਏਬੀ ਗਨੀ ਅਤੇ ਊਧਮਪੁਰ ਪੱਛਮੀ ਤੋਂ ਸੁਮਿਤ ਮੰਗੋਤਰਾ ਨੂੰ ਉਮੀਦਵਾਰ ਬਣਾਇਆ ਹੈ।
ਪਾਰਟੀ ਨੇ ਸੋਪੋਰ ਤੋਂ ਹਾਜੀ ਅਬਦੁੱਲ ਰਸ਼ੀਦ, ਵਾਗੂਰਾ-ਕਰੇਰੀ ਤੋਂ ਐਡਵੋਕੇਟ ਇਰਫਾਨ ਹਫੀਜ਼ ਲੋਨ, ਰਾਮਨਗਰ (ਐੱਸ.ਸੀ.) ਤੋਂ ਮੂਲ ਰਾਜ, ਬਾਨੀ ਤੋਂ ਕਾਜਲ ਰਾਜਪੂਤ, ਬਿਲਵਰ ਤੋਂ ਡਾ. ਮਨੋਹਰ ਲਾਲ ਸ਼ਰਮਾ, ਚੌਧਰੀ ਲਾਲ ਸਿੰਘ, ਜਸਰੋਟਾ ਤੋਂ ਠਾਕੁਰ ਬਲਬੀਰ ਸਿੰਘ, ਹੀਰਾਨਗਰ ਤੋਂ ਰਾਕੇਸ਼ ਚੌਧਰੀ ਜਾਟ, ਰਾਮਗੜ੍ਹ (ਐੱਸ.ਸੀ.) ਤੋਂ ਯਸ਼ਪਾਲ ਕੁੰਡਲ, ਸਾਂਬਾ ਤੋਂ ਕ੍ਰਿਸ਼ਨ ਦੇਵ ਸਿੰਘ, ਬਿਸ਼ਨਾ (ਐੱਸ.ਸੀ.) ਤੋਂ ਨੀਰਜ ਕੁੰਦਨ, ਆਰ. ਐੱਸ. ਪੁਰਾ-ਜੰਮੂ ਦੱਖਣ ਤੋਂ ਰਮਨ ਭੱਲਾ, ਬਹੂ ਤੋਂ ਟੀ. ਐੱਸ. ਟੋਨੀ, ਜੰਮੂ ਪੂਰਬੀ ਤੋਂ ਯੋਗੇਸ਼ ਸਾਹਨੀ, ਨਗਰੋਟਾ ਤੋਂ ਬਲਬੀਰ ਸਿੰਘ, ਜੰਮੂ ਪੱਛਮੀ ਤੋਂ ਠਾਕੁਰ ਮਨਮੋਹਨ ਸਿੰਘ ਅਤੇ ਮਧ (ਐੱਸ.ਸੀ.) ਤੋਂ ਮੂਲਾ ਰਾਮ ਸ਼ਾਮਲ ਹਨ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਨੇ ਗੱਠਜੋੜ ਕੀਤਾ ਹੈ, ਜਿਨ੍ਹਾਂ 'ਚੋਂ ਕਾਂਗਰਸ 32 ਸੀਟਾਂ 'ਤੇ ਚੋਣ ਲੜੇਗੀ, ਜਦਕਿ ਨੈਸ਼ਨਲ ਕਾਨਫਰੰਸ 51 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਇਨ੍ਹਾਂ ਤੋਂ ਇਲਾਵਾ ਪੰਜ ਸੀਟਾਂ 'ਤੇ ਦੋਸਤਾਨਾ ਮੁਕਾਬਲਾ ਹੋਵੇਗਾ, ਜਿਸ 'ਚ ਬਨਿਹਾਲ, ਡੋਡਾ, ਭੱਦਰਵਾਹ, ਨਗਰੋਟਾ ਅਤੇ ਸੋਪੋਰ ਸ਼ਾਮਲ ਹਨ।
ਤਿੰਨ ਪੜਾਵਾਂ 'ਚ ਹੋਵੇਗੀ ਵੋਟਿੰਗ
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 10 ਸਾਲ ਬਾਅਦ ਹੋਣ ਜਾ ਰਹੀਆਂ ਹਨ। ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸ਼ਿਤ ਪ੍ਰਦੇਸ਼ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਪਹਿਲੀ ਵਾਰ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਤਿੰਨ ਪੜਾਵਾਂ ਵਿਚ ਹੋਣਗੀਆਂ। ਸੂਬੇ ਦੀਆਂ 90 ਵਿਧਾਨ ਸਭਾ ਸੀਟਾਂ ਲਈ ਵੋਟਰ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਾਂ ਪਾਉਣਗੇ। ਚੋਣ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।