ISRO ਨੇ ਸੈਟੇਲਾਈਟਾਂ ਦੀ ''ਡੌਕਿੰਗ'' ''ਚ ਦੂਜੀ ਵਾਰ ਸਫ਼ਲਤਾ ਕੀਤੀ ਹਾਸਲ
Monday, Apr 21, 2025 - 04:51 PM (IST)

ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 'ਸਪੇਸ ਡੌਕਿੰਗ ਪ੍ਰਯੋਗ' (ਸਪੇਡੈਕਸ) ਮਿਸ਼ਨ ਦੇ ਤਹਿਤ ਦੂਜੀ ਵਾਰ 2 ਸੈਟੇਲਾਈਟਾਂ ਦੀ 'ਡੌਕਿੰਗ' ਸਫਲਤਾਪੂਰਵਕ ਪੂਰੀ ਕਰ ਲਈ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਾੜ 'ਚ 'ਡੌਕਿੰਗ' ਤਕਨੀਕ ਉਦੋਂ ਜ਼ਰੂਰੀ ਹੁੰਦੀ ਹੈ, ਜਦੋਂ ਆਮ ਮਿਸ਼ਨ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕਈ ਰਾਕੇਟ ਜਾਂ ਪੁਲਾੜ ਯਾਨ ਲਾਂਚ ਕਰਨ ਦੀ ਲੋੜ ਹੁੰਦੀ ਹੈ। ਇਸ ਤਕਨੀਕ ਦੀ ਵਰਤੋਂ 2 ਜਾਂ 2 ਤੋਂ ਵੱਧ ਪੁਲਾੜ ਯਾਨਾਂ ਨੂੰ ਇਕੱਠੇ ਜੋੜ ਕੇ ਜਾਂ ਪੰਧ 'ਚ ਨਾਲ ਲਿਆ ਕੇ ਇਕ ਵੱਡਾ ਢਾਂਚਾ ਬਣਾਉਣ ਅਤੇ ਸਮਾਨ ਦੀ ਸਪਲਾਈ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸ ਨਾਲ ਭਾਰਤ ਨੂੰ ਆਪਣਾ ਪੁਲਾੜ ਸਟੇਸ਼ਨ ਬਣਾਉਣ ਅਤੇ ਚੰਦਰਯਾਨ-4 ਮਿਸ਼ਨ ਨੂੰ ਸੰਚਾਲਿਤ ਕਰਨ 'ਚ ਮਦਦ ਮਿਲੇਗੀ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਿਤੇਂਦਰ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ,"ਇਸਰੋ ਸਪੇਡੈਕਸ ਅਪਡੇਟ: ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸੈਟੇਲਾਈਟਾਂ ਦੀ ਦੂਜੀ 'ਡੌਕਿੰਗ' ਸਫਲਤਾਪੂਰਵਕ ਪੂਰੀ ਹੋ ਗਈ ਹੈ।"
ਇਸਰੋ ਨੇ ਪਿਛਲੇ ਸਾਲ 30 ਦਸੰਬਰ ਨੂੰ 'ਸਪੇਸਡੈਕਸ' ਮਿਸ਼ਨ ਸ਼ੁਰੂ ਕੀਤਾ ਸੀ ਅਤੇ ਪੁਲਾੜ 'ਚ 'ਡੌਕਿੰਗ' ਸੰਬੰਧੀ ਪ੍ਰਯੋਗ ਲਈ 2 ਸੈਟੇਲਾਈਟ-SDX01 ਅਤੇ SDX02 ਨੂੰ ਪੰਧ 'ਚ ਸਥਾਪਤ ਕੀਤਾ ਸੀ। ਸਿੰਘ ਨੇ ਕਿਹਾ,''ਜਿਵੇਂ ਕਿ ਪਹਿਲੇ ਸੂਚਿਤ ਕੀਤਾ ਗਿਆ ਹੈ, ਪੀਐੱਸਐੱਲਵੀ-ਸੀ60/ਸਪੇਸਡੈਕਸ ਮਿਸ਼ਨ ਨੂੰ 30 ਦਸੰਬਰ 2024 ਨੂੰ ਸਫ਼ਲਤਾਪੂਰਵਕ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਸੈਟੇਲਾਈਟਾਂ ਨੂੰ ਪਹਿਲੀ ਵਾਰ 16 ਜਨਵਰੀ 2025 ਨੂੰ ਸਵੇਰੇ 6.20 ਵਜੇ ਸਫ਼ਲਤਾਪੂਰਵਕ 'ਡੌਕ' ਅਤੇ 13 ਮਾਰਚ 2025 ਨੂੰ ਸਵੇਰੇ 9.20 ਵਜੇ ਸਫ਼ਲਤਾਪੂਰਵਕ 'ਅਨਡੌਕ' (ਸੈਟੇਲਾਈਟਾਂ ਨੂੰ ਵੱਖ ਕਰਨ ਦੀ ਪ੍ਰਕਿਰਿਆ) ਕੀਤਾ ਗਿਆ। ਅਗਲੇ 2 ਹਫ਼ਤਿਆਂ 'ਚ ਅੱਗੇ ਦੇ ਪ੍ਰਯੋਗਾਂ ਦੀ ਯੋਜਨਾ ਬਣਾਈ ਗਈ ਹੈ।'' ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਭਾਰਤ ਪੁਲਾੜ 'ਚ 'ਡੌਕਿੰਗ' ਸੰਬੰਧੀ ਪ੍ਰਯੋਗ ਕਰਨ ਵਾਲਾ ਚੌਥਾ ਦੇਸ਼ ਹੈ। 'ਸਪੇਸਡੈਕਸ' 'ਚ ਮਹਾਰਤ ਹਾਸਲ ਕਰਨਾ ਭਾਰਤ ਦੀ ਪੁਲਾੜ ਇੱਛਾਵਾਂ- ਜਿਵੇਂ ਚੰਨ 'ਤੇ ਮਨੁੱਖੀ ਮਿਸ਼ਨ ਭੇਜਣਾ, ਉੱਥੇ ਖੋਜ ਲਈ ਨਮੂਨੇ ਲਿਆਉਣ ਅਤੇ ਭਾਰਤੀ ਪੁਲਾੜ ਸਟੇਸ਼ਨ (ਬੀਏਐੱਸ) ਦਾ ਨਿਰਮਾਣ ਅਤੇ ਸੰਚਾਲਨ ਕਰਨ ਲਈ ਜ਼ਰੂਰੀ ਹੈ। ਇਸਰੋ ਅਨੁਸਾਰ,'ਸਪੇਸਡੈਕਸ' 2 ਛੋਟੇ ਪੁਲਾੜ ਯਾਨ ਦਾ ਉਪਯੋਗ ਕਰ ਕੇ ਪੁਲਾੜ 'ਚ 'ਡੌਕਿੰਗ' ਲਈ ਇਕ ਕਿਫਾਇਤੀ ਤਕਨਾਲੋਜੀ ਮਿਸ਼ਨ ਹੈ, ਜਿਸ ਨੂੰ ਪੀਐੱਸਐੱਲਵੀ ਰਾਹੀਂ ਲਾਂਚ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8