ਚੰਦਰਯਾਨ-2 ਦੇ ਆਰਬਿਟਰ ਨੇ ਭੇਜਿਆ ਡਾਟਾ, ਭਵਿੱਖੀ ਮਿਸ਼ਨਾਂ ’ਚ ਮਿਲੇਗੀ ਮਦਦ
Saturday, Nov 08, 2025 - 11:50 PM (IST)
ਨਵੀਂ ਦਿੱਲੀ- ਚੰਦਰਯਾਨ-2 ਦੇ ਆਰਬਿਟਰ ਨੇ ਚੰਦਰਮਾ ਨਾਲ ਸਬੰਧਤ ਕਈ ਅਹਿਮ ਜਾਣਕਾਰੀਆਂ ਭੇਜੀਆਂ ਹਨ। ਚੰਦਰਯਾਨ-2 ਦਾ ਆਰਬਿਟਰ 2019 ਤੋਂ ਲਗਾਤਾਰ ਚੰਦਰਮਾ ਦੀ ਪਰਿਕਰਮਾ ਕਰ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਚੰਦਰਯਾਨ-2 ਆਰਬਿਟਰ ਤੋਂ ਉੱਨਤ ਡਾਟਾ ਪ੍ਰਾਪਤ ਹੋਣ ਦਾ ਸ਼ਨੀਵਾਰ ਨੂੰ ਐਲਾਨ ਕੀਤਾ।
ਇਸ ਨਾਲ ਵਿਗਿਆਨੀਆਂ ਨੂੰ ਚੰਦਰਮਾ ’ਤੇ ਬਰਫ਼, ਸਤ੍ਹਾ ਦੀ ਬਣਤਰ ਅਤੇ ਮਿੱਟੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਮਿਲੇਗੀ। ਇਹ ਭਵਿੱਖ ਦੇ ਚੰਦਰ ਮਿਸ਼ਨਾਂ ਲਈ ਬਹੁਤ ਅਹਿਮ ਹੈ। ਇਸਰੋ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਚੰਦਰਯਾਨ-2 ਦੇ ਆਰਬਿਟਰ ਤੋਂ ਮਿਲਿਆ ਡਾਟਾ ਚੰਦਰਮਾ ਦੇ ਧਰੁਵੀ ਖੇਤਰਾਂ ਦੀ ਡੂੰਘਾਈ ਨਾਲ ਸਮਝ ਲਈ ਉਪਯੋਗੀ ਹੈ।
ਇਸ ’ਚ ਚੰਦਰਮਾ ਦੀ ਸਤ੍ਹਾ ਦੇ ਭੌਤਿਕ ਅਤੇ ਡਾਈਇਲੈਕਟ੍ਰਿਕ ਗੁਣਾਂ ਦਾ ਵਰਣਨ ਕਰਨ ਵਾਲਾ ਅਹਿਮ ਡਾਟਾ ਸ਼ਾਮਲ ਹੈ। ਚੰਦਰਯਾਨ-2 ਆਰਬਿਟਰ ਨੇ ਆਪਣੇ ਡੁਅਲ ਫ੍ਰਿਕਵੈਂਸੀ ਸਿੰਥੈਟਿਕ ਅਪਰਚਰ ਰਾਡਾਰ (ਡੀ. ਐੱਫ. ਐੱਸ. ਏ. ਆਰ.) ਤੋਂ ਉੱਚ ਗੁਣਵੱਤਾ ਵਾਲਾ ਡਾਟਾ ਭੇਜਿਆ ਹੈ।
ਅਹਿਮਦਾਬਾਦ ਸਥਿਤ ਇਸਰੋ ਦੇ ਸਪੇਸ ਐਪਲੀਕੇਸ਼ਨ ਸੈਂਟਰ (ਐੱਸ. ਏ. ਸੀ.) ਦੇ ਵਿਗਿਆਨੀਆਂ ਨੇ ਡਾਟਾ ਦੀ ਵਰਤੋਂ ਕਰ ਕੇ 25 ਮੀਟਰ ਪ੍ਰਤੀ ਪਿਕਸਲ ਦੇ ਹਾਈ-ਰੈਜ਼ੋਲਿਊਸ਼ਨ ’ਤੇ ਚੰਦਰਮਾ ਦਾ ਪਹਿਲਾ ਪੂਰਨ-ਧਰੁਵੀ ਜਾਂ ਪੋਲਾਰਿਮੈਟ੍ਰਿਕ, ਐੱਲ-ਬੈਂਡ ਰਡਾਰ ਮੈਪ ਤਿਆਰ ਕੀਤਾ ਹੈ। ਇਹ ਰਡਾਰ ਹੁਣ ਤੱਕ ਦਾ ਸਭ ਤੋਂ ਉੱਨਤ ਯੰਤਰ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਵਰਟੀਕਲ ਅਤੇ ਹੌਰੀਜ਼ੋਂਟਲ ਦੋਵੇਂ ਸਿਗਨਲ ਭੇਜਦਾ ਅਤੇ ਪ੍ਰਾਪਤ ਕਰਦਾ ਹੈ।
