400 ਟਾਇਰਾਂ ਵਾਲਾ ਬਾਹੂਬਲੀ ਟਰੱਕ, ਬਣਿਆ ਖਿੱਚ ਦਾ ਕੇਂਦਰ
Wednesday, Oct 30, 2024 - 11:21 AM (IST)
ਕੈਥਲ- ਹਰਿਆਣਾ ਦੇ ਕੈਥਲ ਜ਼ਿਲ੍ਹੇ ਦੀਆਂ ਸੜਕਾਂ 'ਤੇ ਇਨ੍ਹੀਂ ਦਿਨੀਂ ਇਕ ਟਰੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਟਰੱਕ ਨੂੰ ਲੋਕ ਬਾਹੂਬਲੀ ਦੇ ਨਾਂ ਤੋਂ ਪੁਕਾਰ ਰਹੇ ਹਨ। ਦਰਅਸਲ ਇਸ ਵਿਸ਼ਾਲ ਟਰੱਕ 'ਚ 400 ਟਾਇਰ ਲੱਗੇ ਹੋਏ ਹਨ। ਇਸ ਟਰੱਕ ਦਾ ਨਾਂ ਤਾਂ ਬਾਹੂਬਲੀ ਹੈ ਪਰ ਇਸ ਦੀ ਸਪੀਡ ਕਛੂਏ ਵਾਂਗ ਹੈ।
ਇਕ ਸਾਲ ਪਹਿਲਾਂ ਹਰਿਆਣਾ ਲਈ ਨਿਕਲਿਆ ਸੀ ਇਹ ਟਰੱਕ
ਦੱਸ ਦੇਈਏ ਕਿ ਇਹ ਟਰੱਕ ਅੱਜ ਤੋਂ ਕਰੀਬ ਇਕ ਸਾਲ ਪਹਿਲਾਂ ਗੁਜਰਾਤ ਤੋਂ ਹਰਿਆਣਾ ਦੇ ਪਾਨੀਪਤ ਲਈ ਨਿਕਲਿਆ ਸੀ ਪਰ ਅਜੇ ਇਹ ਹਰਿਆਣਾ ਦੇ ਕੈਥਲ ਜ਼ਿਲ੍ਹੇ ਤੱਕ ਪਹੁੰਚਿਆ ਹੈ। ਇਹ ਅਕਤੂਬਰ 2023 'ਚ ਕਾਂਡਲਾ ਬੰਦਰਗਾਹ ਤੋਂ ਬਾਇਲਰ ਦਾ ਹਿੱਸਾ ਲੈ ਕੇ ਚੱਲਿਆ ਸੀ। ਇਸ ਨੂੰ ਪਾਨੀਪਤ ਰਿਫਾਇਨਰੀ ਵਿਚ ਪਹੁੰਚਣਾ ਹੈ।
800 ਟਨ ਵਜ਼ਨ
ਟਰੱਕ ਵਿਚ ਲੋਡ ਬਾਇਲਰ ਸਮੇਤ ਇਸ ਦਾ ਵਜ਼ਨ 800 ਟਨ ਹੈ। ਇਹ ਵਿਸ਼ਾਲ ਟਰੱਕ ਲਗਭਗ 13 ਤੋਂ 14 ਮਹੀਨਿਆਂ ਵਿਚ ਆਪਣੀ ਮੰਜ਼ਿਲ 'ਤੇ ਪਹੁੰਚ ਜਾਵੇਗਾ। ਇਸ ਬਾਹੂਬਲੀ ਟਰੱਕ ਨਾਲ 100-200 ਲੋਕਾਂ ਦੀ ਟੀਮ ਕੰਮ ਕਰ ਰਹੀ ਹੈ, ਜਿਸ ਵਿਚ ਵੱਖ-ਵੱਖ ਕੰਮ ਕਰਨ ਵਾਲੇ ਕਰਮਚਾਰੀ ਸ਼ਾਮਲ ਹਨ। ਨਾਲ ਹੀ ਪੁੱਲਰ ਟਰੱਕ ਹੁੰਦੇ ਹਨ ਜਿਨ੍ਹਾਂ ਵਿਚ 4-5 ਪ੍ਰਾਈਵੇਟ ਮੁਲਾਜ਼ਮ ਕੰਮ ਕਰਦੇ ਹਨ। ਇਨ੍ਹਾਂ ਵਿਚ ਡਰਾਈਵਰ ਅਤੇ ਹੈਲਪਰ ਸ਼ਾਮਲ ਹਨ। ਇਸ ਦੇ ਨਾਲ ਹੀ ਟਰੱਕ ਦੇ ਰਸਤੇ 'ਚ 15-20 ਕਿਲੋਮੀਟਰ ਦੀ ਦੂਰੀ ਤੱਕ ਸੜਕ ਪਹਿਲਾਂ ਹੀ ਸਾਫ਼ ਹੋ ਚੁੱਕੀ ਹੈ। ਇਸ 'ਚ ਬਿਜਲੀ ਦੀਆਂ ਤਾਰਾਂ, ਰੇਲਵੇ ਫਾਟਕਾਂ ਜਾਂ ਕਿਸੇ ਹੋਰ ਰੁਕਾਵਟ ਵਰਗੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾਂਦਾ ਹੈ।