1996 ਬੈਚ ਦੇ IPS ਅਧਿਕਾਰੀ ਮੁਕੇਸ਼ ਸਿੰਘ ਬਣੇ ਲੱਦਾਖ ਦੇ ਨਵੇਂ DGP
Saturday, Jan 03, 2026 - 12:24 AM (IST)
ਲੇਹ : 1996 ਬੈਚ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਮੁਕੇਸ਼ ਸਿੰਘ ਨੂੰ ਲੱਦਾਖ ਦਾ ਨਵਾਂ ਪੁਲਿਸ ਡਾਇਰੈਕਟਰ ਜਨਰਲ (DGP) ਨਿਯੁਕਤ ਕੀਤਾ ਗਿਆ ਹੈ। ਉਹ ਇੰਡੋ-ਤਿਬਤ ਬਾਰਡਰ ਪੁਲਸ (ITBP) ਤੋਂ ਤਬਾਦਲਾ ਹੋ ਕੇ ਲੇਹ ਪਹੁੰਚੇ ਹਨ, ਜਿੱਥੇ ਉਹ ਪਹਿਲਾਂ ਐਡੀਸ਼ਨਲ ਡਾਇਰੈਕਟਰ ਜਨਰਲ (ADG) ਦੇ ਅਹੁਦੇ ’ਤੇ ਤੈਨਾਤ ਸਨ।
ਮੁਕੇਸ਼ ਸਿੰਘ ਨੂੰ ਸੁਰੱਖਿਆ ਅਤੇ ਖੁਫੀਆ ਖੇਤਰ ਵਿੱਚ ਲੰਬਾ ਤਜਰਬਾ ਹੈ। ਇਸ ਤੋਂ ਪਹਿਲਾਂ ਉਹ ITBP ਵਿੱਚ ADG, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵਿੱਚ ADG ਅਤੇ ਆਈ.ਜੀ. ਦੇ ਤੌਰ ’ਤੇ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ, ਜੰਮੂ-ਕਸ਼ਮੀਰ ਵਿੱਚ ਉਹ ਐੱਸ.ਐੱਸ.ਪੀ. ਦੇ ਅਹੁਦੇ ’ਤੇ ਵੀ ਤਾਇਨਾਤ ਰਹੇ ਹਨ।
ਉਹ 1995 ਬੈਚ ਦੇ ਆਈ.ਪੀ.ਐਸ. ਅਧਿਕਾਰੀ ਐੱਸ.ਡੀ. ਸਿੰਘ ਜਮਵਾਲ ਤੋਂ ਅਹੁਦਾ ਸੰਭਾਲਣਗੇ, ਜਿਨ੍ਹਾਂ ਨੂੰ ਹੁਣ ਅਰੁਣਾਚਲ ਪ੍ਰਦੇਸ਼ ਦਾ ਡਾਇਰੈਕਟਰ ਜਨਰਲ ਆਫ਼ ਪੁਲਸ ਨਿਯੁਕਤ ਕੀਤਾ ਗਿਆ ਹੈ।
ਸੁਰੱਖਿਆ ਦੀ ਦ੍ਰਿਸ਼ਟੀ ਨਾਲ ਅਹਿਮ ਮੰਨੇ ਜਾਂਦੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਮੁਕੇਸ਼ ਸਿੰਘ ਦੀ ਨਿਯੁਕਤੀ ਨੂੰ ਪ੍ਰਸ਼ਾਸਨਿਕ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
