INX ਮੀਡੀਆ ਕੇਸ : ਚਿਦਾਂਬਰਮ ਨੂੰ ਦਿੱਲੀ ਹਾਈ ਕੋਰਟ ਤੋਂ ਨਹੀਂ ਮਿਲੀ ਜ਼ਮਾਨਤ

Monday, Sep 30, 2019 - 03:33 PM (IST)

INX ਮੀਡੀਆ ਕੇਸ : ਚਿਦਾਂਬਰਮ ਨੂੰ ਦਿੱਲੀ ਹਾਈ ਕੋਰਟ ਤੋਂ ਨਹੀਂ ਮਿਲੀ ਜ਼ਮਾਨਤ

ਨਵੀਂ ਦਿੱਲੀ— ਆਈ.ਐੱਨ. ਐਕਸ. ਮੀਡੀਆ ਕੇਸ 'ਚ ਜੇਲ 'ਚ ਬੰਦ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੂੰ ਦਿੱਲੀ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਸੋਮਵਾਰ ਨੂੰ ਹਾਈ ਕੋਰਟ ਨੇ ਸਾਬਕਾ ਵਿੱਤ ਮੰਤਰੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਸੀ.ਬੀ.ਆਈ. ਨੇ ਚਿਦਾਂਬਰਮ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ। ਹਾਈ ਕੋਰਟ ਨੇ ਕਿਹਾ ਕਿ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਚਿਦਾਂਬਰਮ ਤਿਹਾੜ ਜੇਲ 'ਚ ਬੰਦ ਅਤੇ ਹੁਣ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਦੇ ਬਾਅਦ ਉਨ੍ਹਾਂ ਨੂੰ ਜੇਲ 'ਚ ਹੀ ਰਹਿਣਾ ਹੋਵੇਗਾ।

ਜ਼ਿਕਰਯੋਗ ਹੈ ਕਿ ਚਿਦਾਂਬਰਮ ਨੂੰ ਸੀ.ਬੀ.ਆਈ. ਨੇ 21 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ। ਸੀ.ਬੀ.ਆਈ. ਅਤੇ ਈ.ਡੀ. ਨੇ ਆਈ.ਐੱਨ.ਐਕਸ. ਮੀਡੀਆ ਦੀ ਪ੍ਰਮੋਟਰ ਇੰਦਰਾਣੀ ਮੁਖਰਜੀ ਅਤੇ ਉਨ੍ਹਾਂ ਦੇ ਪਤੀ ਪੀਟਰ ਮੁਖਰਜੀ ਦੇ ਬਿਆਨਾਂ ਦੇ ਆਧਾਰ 'ਤੇ ਚਿਦਾਂਬਰਮ 'ਤੇ ਸ਼ਿਕੰਜਾ ਕੱਸਿਆ। ਜਾਂਚ ਹਾਲੇ ਜਾਰੀ ਹੈ ਅਤੇ ਮਾਮਲੇ 'ਚ ਕਈ ਗੜਬੜੀਆਂ ਪਾਈਆਂ ਗਈਆਂ ਹਨ। ਦੋਸ਼ ਹੈ ਕਿ ਆਈ.ਐੱਨ.ਐਕਸ. ਮੀਡੀਆ ਗਰੁੱਪ ਨੂੰ 2007 'ਚ 305 ਕਰੋੜ ਰੁਪਏ ਦਾ ਵਿਦੇਸ਼ੀ ਧਨ ਹਾਸਲ ਕਰਨ ਲਈ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ 'ਚ ਬੇਨਿਯਮਤਾ ਵਰਤੀ ਗਈ। ਉਸ ਦੌਰਾਨ ਚਿਦਾਂਬਰਮ ਵਿੱਤ ਮੰਤਰੀ ਸਨ।

ਸੀ.ਬੀ.ਆਈ. ਨੇ ਪਿਛਲੇ ਸ਼ੁੱਕਰਵਾਰ ਨੂੰ ਜ਼ਮਾਨਤ ਦੀ ਅਰਜ਼ੀ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਸੀ ਕਿ ਚਿਦਾਂਬਰਮ ਦੇਸ਼ ਛੱਡ ਕੇ ਦੌੜ ਸਕਦੇ ਹਨ। ਤਰਕ ਦਿੱਤਾ ਗਿਆ ਸੀ ਕਿ ਕਾਂਗਰਸੀ ਨੇਤਾ ਹਮੇਸ਼ਾ ਲਈ ਕਿਸੇ ਦੂਜੇ ਦੇਸ਼ 'ਚ ਰਹਿ ਸਕਦੇ ਹਨ ਅਤੇ ਅਜਿਹੇ 'ਚ ਕੇਸ ਦੀ ਸੁਣਵਾਈ ਪੂਰੀ ਹੋਣ ਤੱਕ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਨਹੀਂ ਕੀਤਾ ਜਾਣਾ ਚਾਹੀਦਾ। ਚਿਦਾਂਬਰਮ ਨੇ ਇਸ 'ਤੇ ਤੰਜ਼ ਕੱਸਿਆ ਸੀ। ਚਿਦਾਂਬਰਮ ਵਲੋਂ ਉਸ ਦੇ ਪਰਿਵਾਰ ਨੇ ਟਵੀਟ ਕੀਤਾ ਸੀ,''ਕੁਝ ਲੋਕਾਂ ਅਨੁਸਾਰ ਮੇਰੇ ਗੋਲਡਨ ਰੰਗ ਦੇ ਖੰਭ ਆਉਣਗੇ ਅਤੇ ਫਿਰ ਮੈਂ ਉੱਡ ਕੇ ਚੰਨ 'ਤੇ ਚੱਲਾ ਜਾਵਾਂਗਾ। ਮੇਰੀ ਉੱਥੇ ਸੇਫ ਲੈਂਡਿੰਗ ਵੀ ਹੋਵੇਗੀ। ਮੈਂ ਇਹ ਜਾਣ ਕੇ ਰੋਮਾਂਚਿਤ ਹੋ ਗਿਆ ਹਾਂ।''


author

DIsha

Content Editor

Related News