ਸ਼੍ਰੀ ਰਾਮ ਮੰਦਰ ਦੇ ਉਦਘਾਟਨ ’ਚ ਚੋਣਵੇਂ ਵਿਰੋਧੀ ਨੇਤਾਵਾਂ ਨੂੰ ਮਿਲੇਗਾ ਸੱਦਾ
Monday, Aug 07, 2023 - 11:50 AM (IST)
ਨਵੀਂ ਦਿੱਲੀ– ਅਯੁੱਧਿਆ ’ਚ ਜਨਵਰੀ, 2024 ’ਚ ਸ਼੍ਰੀ ਰਾਮ ਮੰਦਰ ਦੇ ਹੋਣ ਵਾਲੇ ਉਦਘਾਟਨ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਦੱਸਿਆ ਜਾਂਦਾ ਹੈ ਕਿ ਟਰੱਸਟ ਹੁਣ ਉਦਘਾਟਨ ਦੇ ਮੌਕੇ ਲਈ ਵੀ ਵਿਸ਼ੇਸ਼ ਵਿਵਸਥਾ ਵਿਚ ਜੁੱਟ ਗਿਆ ਹੈ। ਯੋਜਨਾ ਹੈ ਕਿ ਵਿਰੋਧੀ ਪਾਰਟੀਆਂ ਦੇ ਸਿਰਫ ਉਨ੍ਹਾਂ ਚੋਣਵੇਂ ਨੇਤਾਵਾਂ ਨੂੰ ਸੱਦਾ ਦਿੱਤਾ ਜਾਵੇਗਾ, ਜੋ ਪ੍ਰੋਗਰਾਮ ਵਿਚ ਜ਼ਰੂਰ ਸ਼ਾਮਲ ਹੋਣ ਅਤੇ ਸੱਦੇ ਤੋਂ ਬਾਅਦ ਅੰਤਿਮ ਪਲਾਂ ’ਚ ਪ੍ਰੋਗਰਾਮ ਵਿਚ ਆਉਣ ਤੋਂ ਆਨਾਕਾਨੀ ਨਾ ਕਰਨ।
ਉਂਝ ਉਦਘਾਟਨ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਖਾਸ ਤੌਰ ’ਤੇ ਸ਼ਾਮਲ ਹੋ ਸਕਦੇ ਹਨ। ਅਜਿਹੀ ਸਥਿਤੀ ’ਚ ਉਨ੍ਹਾਂ ਦੀ ਸੁਰੱਖਿਆ ਵਿਵਸਥਾ ਲਈ ਐੱਸ. ਪੀ. ਜੀ. ਪੂਰੇ ਕੰਪਲੈਕਸ ਦੀ ਸੁਰੱਖਿਆ ਪਹਿਲਾਂ ਤੋਂ ਹੀ ਆਪਣੇ ਕਬਜ਼ੇ ਵਿਚ ਲੈ ਲਵੇਗੀ। ਇਸ ਦੀ ਕਮਾਨ ਖੁਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕੋਲ ਹੋਵੇਗੀ।