ਜਦੋਂ ਇੰਟਰਵਿਊ 'ਚ ਇਸਰੋ ਚੀਫ ਸੀਵਾਨ ਨੇ ਕਿਹਾ- 'ਤਮਿਲ ਤੋਂ ਪਹਿਲਾਂ ਮੈਂ ਭਾਰਤੀ ਹਾਂ'

09/11/2019 4:21:37 PM

ਨਵੀਂ ਦਿੱਲੀ— 'ਚੰਦਰਯਾਨ-2' ਮਿਸ਼ਨ ਨੂੰ ਲੈ ਕੇ ਇੰਨੀਂ ਦਿਨੀਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੀਫ਼ ਕੇ. ਸੀਵਾਨ ਸੁਰਖੀਆਂ 'ਚ ਹਨ ਅਤੇ ਉਨ੍ਹਾਂ ਦੀ ਕਹੀ ਹਰ ਇਕ ਗੱਲ ਨੂੰ ਲੋਕ ਬੇਹੱਦ ਗੰਭੀਰਤਾ ਨਾਲ ਲੈ ਰਹੇ ਹਨ। ਇਸ ਦੌਰਾਨ ਇਸਰੋ ਚੀਫ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਕ ਨਿਊਜ਼ ਚੈਨਲ ਦੇ ਪੱਤਰਕਾਰ ਨੇ ਜਦੋਂ ਉਨ੍ਹਾਂ ਤੋਂ ਇੰਟਰਵਿਊ 'ਚ ਤਾਮਿਲਨਾਡੂ ਦੇ ਲੋਕਾਂ ਨੂੰ ਖਾਸ ਸੰਦੇਸ਼ ਦੇਣ ਲਈ ਕਿਹਾ ਤਾਂ ਸੀਵਾਨ ਨੇ ਸਭ ਤੋਂ ਪਹਿਲਾਂ ਭਾਰਤੀ ਹੋਣ ਦੀ ਗੱਲ ਕਰਦੇ ਹੋਏ ਹਰ ਕਿਸੇ ਦਾ ਦਿਲ ਜਿੱਤ ਲਿਆ। ਸੋਸ਼ਲ ਮੀਡੀਆ 'ਤੇ ਵੀ ਇਹ ਵੀਡੀਓ ਬਹੁਤ ਸ਼ੇਅਰ ਹੋ ਰਿਹਾ ਹੈ।

 

2018 'ਚ ਦਿੱਤਾ ਸੀ ਇੰਟਰਵਿਊ
ਜਨਵਰੀ 2018 'ਚ ਇਸਰੋ ਚੀਫ ਸੀਵਾਨ ਦਾ ਇਕ ਨਿਊਜ਼ ਚੈਨਲ ਨੇ ਇੰਟਰਵਿਊ ਲਿਆ। ਇਸ ਦੌਰਾਨ ਰਿਪੋਰਟਰ ਨੇ ਸਵਾਲ ਪੁੱਛਿਆ,''ਇਕ ਤਮਿਲ ਦੇ ਰੂਪ 'ਚ ਤੁਸੀਂ ਇੰਨੇ ਵੱਡੇ ਅਹੁਦੇ 'ਤੇ ਪਹੁੰਚੇ ਹੋ, ਤਾਮਿਲਨਾਡੂ ਦੇ ਲੋਕਾਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ?'' ਇਸ 'ਤੇ ਸੀਵਾਨ ਨੇ ਜਵਾਬ ਦਿੱਤਾ,''ਸਭ ਤੋਂ ਪਹਿਲਾਂ ਮੈਂ ਇਕ ਭਾਰਤੀ ਹਾਂ। ਮੈਂ ਇਕ ਭਾਰਤੀ ਦੇ ਰੂਪ 'ਚ ਇਸਰੋ ਜੁਆਇਨ ਕੀਤਾ। ਇਸਰੋ ਅਜਿਹੀ ਜਗ੍ਹਾ ਹੈ, ਜਿੱਥੇ ਸਾਰੇ ਖੇਤਰਾਂ ਅਤੇ ਵੱਖ-ਵੱਖ ਭਾਸ਼ਾਵਾਂ ਵਾਲੇ ਲੋਕ ਇਕੱਠੇ ਕੰਮ ਕਰਦੇ ਹਨ ਅਤੇ ਆਪਣਾ ਯੋਗਦਾਨ ਦਿੰਦੇ ਹਨ। ਮੈਂ ਆਪਣੇ ਭਰਾਵਾਂ ਦੇ ਪ੍ਰਤੀ ਆਭਾਰੀ ਹਾਂ, ਜੋ ਮੇਰੀ ਪ੍ਰਸ਼ੰਸਾ ਕਰਦੇ ਹਨ।''

ਜਵਾਬ ਦੀ ਟਵਿੱਟਰ 'ਤੇ ਹੋ ਰਹੀ ਤਾਰੀਫ਼
ਟਵਿੱਟਰ 'ਤੇ ਸੀਵਾਨ ਦੇ ਇਕ ਜਵਾਬ ਦੀ ਬਹੁਤ ਤਾਰੀਫ਼ ਹੋ ਰਹੀ ਹੈ। ਇਕ ਟਵਿੱਟਰ ਯੂਜ਼ਰ ਨੇ ਟਵੀਟ ਕੀਤਾ,''ਮੈਂ ਪਹਿਲਾਂ ਇਕ ਭਾਰਤੀ ਹਾਂ, ਤਮਿਲ ਚੈਨਲ ਨੂੰ ਦਿੱਤੇ ਇਸ ਜਵਾਬ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਪਰ ਮੇਰਾ ਇਕ ਸਵਾਲ ਹੈ ਕਿ ਜਦੋਂ ਪੀ.ਵੀ. ਸਿੰਧੂ ਭਾਰਤ ਦਾ ਮਾਣ ਵਧਾਉਂਦੀ ਹੈ ਤਾਂ ਉਨ੍ਹਾਂ ਦੇ ਰਾਜ ਦੇ ਲੋਕ ਕਿਉਂ ਉਨ੍ਹਾਂ ਦੀ ਖੇਤਰੀ ਪਛਾਣ 'ਤੇ ਖਾਸ ਜ਼ੋਰ ਦਿੰਦੇ ਹਨ। ਇਸ ਦੋਹਰੇ ਰਵੱਈਏ ਤੋਂ ਅਸੀਂ ਕਿਵੇਂ ਪਾਰ ਪਾਵਾਂਗੇ?'' ਇਕ ਹੋਰ ਟਵਿੱਟਰ ਯੂਜ਼ਰ ਨੇ ਕਿਹਾ,''ਇਸਰੋ ਚੀਫ ਡਾ. ਸੀਵਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਭਾਰਤੀ ਹਾਂ, ਉਸ ਤੋਂ ਬਾਅਦ ਤਾਮਿਲੀਅਨ। ਤੁਹਾਡੇ 'ਤੇ ਮਾਣ ਹੈ।''

ਕਿਸਾਨ ਦੇ ਬੇਟੇ ਤੋਂ 'ਰਾਕੇਟਮੈਨ' ਤੱਕ ਦਾ ਸਫ਼ਰ
ਤਾਮਿਲਨਾਡੂ ਦੇ ਕੰਨਿਆਕੁਮਾਰੀ ਜ਼ਿਲੇ ਦੇ ਸਰਕੱਲਵਿਲਈ ਪਿੰਡ ਦੇ ਇਕ ਸਾਧਾਰਨ ਜਿਹੇ ਕਿਸਾਨ ਦੇ ਬੇਟੇ ਸੀਵਾਨ ਅੱਜ ਭਾਰਤ ਦੀ ਸਪੇਸ ਏਜੰਸੀ ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਦੇ ਚੇਅਰਮੈਨ ਹਨ। ਸੀਵਾਨ ਆਪਣੇ ਪਰਿਵਾਰ 'ਚ ਗਰੈਜੂਏਟ ਹੋਣ ਵਾਲੇ ਪਹਿਲੇ ਸ਼ਖਸ ਸਨ। ਉਨ੍ਹਾਂ ਦੇ ਭਰਾ ਅਤੇ 2 ਭੈਣਾਂ ਗਰੀਬੀ ਕਾਰਨ ਪੜ੍ਹਾਈ ਪੂਰੀ ਨਹੀਂ ਕਰ ਸਕੇ। ਇਕ ਨਿਊਜ਼ ਚੈਨਲ ਨੂੰ ਸੀਵਾਨ ਨੇ ਦੱਸਿਆ ਸੀ,''ਜਦੋਂ ਮੈਂ ਕਾਲਜ 'ਚ ਸੀ ਤਾਂ ਆਪਣੇ ਪਿਤਾ ਦੀ ਖੇਤੀ 'ਚ ਮਦਦ ਕਰਦਾ ਸੀ। ਇਸੇ ਕਾਰਨ ਉਨ੍ਹਾਂ ਨੇ ਮੇਰਾ ਅਜਿਹੇ ਕਾਲਜ 'ਚ ਦਾਖਲਾ ਕਰਵਾਇਆ, ਜੋ ਸਾਡੇ ਘਰ ਕੋਲ ਸੀ। ਜਦੋਂ ਮੈਂ ਬੀ.ਐੱਸ.ਸੀ. (ਮੈਥਸ) 'ਚ 100 ਫੀਸਦੀ ਨੰਬਰਾਂ ਨਾਲ ਪਾਸ ਹੋਇਆ, ਉਦੋਂ ਜਾ ਕੇ ਉਨ੍ਹਾਂ ਨੇ ਆਪਣਾ ਵਿਚਾਰ ਬਦਲਿਆ।''

ਇਸ ਤਰ੍ਹਾਂ 'ਰਾਕੇਟਮੈਨ' ਨਾਮ
ਸੀਵਾਨ ਨੇ 1980 'ਚ ਮਦਰਾਸ ਇੰਸਟੀਚਿਊਟ ਆਫ ਤਕਨਾਲੋਜੀ (ਐੱਮ.ਆਈ.ਟੀ.) ਤੋਂ ਏਅਰੋਨਾਟਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਆਈ.ਆਈ.ਐੱਸ.ਸੀ. ਤੋਂ 1982 'ਚ ਇੰਜੀਨੀਅਰਿੰਗ ਦੀ ਆਪਣੀ ਮਾਸਟਰਸ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਆਈ.ਆਈ.ਟੀ. ਬਾਂਬੇ ਤੋਂ ਏਅਰੋਸਪੇਸ ਇੰਜੀਨੀਅਰਿੰਗ 'ਚ ਪੀ.ਐੱਚ.ਡੀ. ਕੀਤੀ। ਸੀਵਾਨ ਨੇ 1982 'ਚ ਇਸਰੋ ਜੁਆਇਨ ਕੀਤਾ। ਇਸਰੋ ਦਾ ਚੇਅਰਮੈਨ ਬਣਨ ਤੋਂ ਪਹਿਲਾਂ ਜਨਵਰੀ 2018 ਤੱਕ ਉਹ ਵਿਕਰਮ ਸਾਰਾਭਾਈ ਸਪੇਸ ਸੈਂਟਰ (ਵੀ.ਐੱਸ.ਐੱਸ.ਸੀ.) ਦੇ ਡਾਇਰੈਕਟਰ ਸਨ। ਕ੍ਰਾਓਜੇਨਿਕਸ ਇੰਜਣ, ਪੀ.ਐੱਸ.ਐੱਲ.ਵੀ., ਜੀ.ਐੱਸ.ਐੱਲ.ਵੀ. ਅਤੇ ਆਰ.ਐੱਲ.ਵੀ. ਪ੍ਰੋਗਰਾਮ 'ਚ ਉਨ੍ਹਾਂ ਦੇ ਯੋਗਦਾਨ ਕਾਰਨ ਉਨ੍ਹਾਂ ਨੂੰ ਇਸਰੋ ਦਾ 'ਰਾਕੇਟਮੈਨ' ਵੀ ਕਿਹਾ ਜਾਂਦਾ ਹੈ।


DIsha

Content Editor

Related News