ਪਿਆਜ ਜਮ੍ਹਾਂਖੋਰਾਂ 'ਤੇ ਪੁਲਸ ਕੱਸੇਗੀ ਸ਼ਿਕੰਜਾ, ਸਰਕਾਰ ਨੇ ਦਿੱਤੇ ਹੁਕਮ

08/24/2019 12:36:43 PM

ਨਵੀਂ ਦਿੱਲੀ — ਪਿਆਜ ਦੀ ਸਪਲਾਈ 'ਚ ਜਾਣਬੁਝ ਕੇ ਕਮੀ ਕਰ ਰਹੇ ਜਮ੍ਹਾਂਖੋਰਾਂ 'ਤੇ ਹੁਣ ਪੁਲਸ ਸ਼ਿਕੰਜਾ ਕੱਸੇਗੀ। ਕੇਂਦਰ ਸਰਕਾਰ ਨੇ ਸੂਬਿਆਂ ਦੀ ਪੁਲਸ ਨੂੰ ਜਮ੍ਹਾਂਖੋਰਾਂ 'ਤੇ ਕਾਰਵਾਈ ਕਰਨ ਲਈ ਕਿਹਾ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣੇ ਬਫਰ ਸਟਾਕ ਤੋਂ ਖੁੱਲ੍ਹੀ ਮੰਡੀ ਵਿਚ ਪਿਆਜ, ਦਾਲਾਂ ਅਤੇ ਖਾਣ ਵਾਲੇ ਤੇਲ ਦੀ ਵਿਕਰੀ ਕਰੇਗੀ। ਇਸ ਦੇ ਨਾਲ ਹੀ ਇਹ ਨਕਲੀ ਪਰੇਸ਼ਾਨੀ ਪੈਦਾ ਕਰਨ ਵਾਲੇ ਜਮ੍ਹਾਂਖੋਰਾਂ ਖਿਲਾਫ਼ ਤੁਰੰਤ ਕਾਰਵਾਈ ਕਰੇਗੀ। ਦਿੱਲੀ 'ਚ ਪਿਆਜ ਦੀ ਪ੍ਰਚੂਨ ਕੀਮਤ 30 ਤੋਂ 40 ਰੁਪਏ ਪ੍ਰਤੀ ਕਿਲੋ ਹੈ। 

ਇਸ ਕਾਰਨ ਸਰਕਾਰ ਨੂੰ ਲੈਣਾ ਪਿਆ ਸਖਤ ਫੈਸਲਾ

ਵੀਰਵਾਰ ਨੂੰ ਮਹਾਰਾਸ਼ਟਰ ਦੇ ਲਾਸਲਗਾਵ ਮੰਡੀ 'ਚ ਪਿਆਜ਼ ਦਾ ਥੋਕ ਮੁੱਲ 14.76 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ। ਭਾਰੀ ਬਾਰਿਸ਼ ਕਾਰਨ ਦੇਸ਼ ਦੇ ਕਈ ਹਿੱਸਿਆਂ 'ਚ  ਸਪਲਾਈ ਪ੍ਰਭਾਵਤ ਹੋ ਰਹੀ ਹੈ। ਇਸ ਦੇ ਨਾਲ ਹੀ ਪ੍ਰਮੁੱਖ ਉਤਪਾਦਕ ਸੂਬਿਆਂ ਜਿਵੇਂ ਕਿ ਮਹਾਰਾਸ਼ਟਰ ਅਤੇ ਕਰਨਾਟਕ ਵਿਚ ਪਿਆਜ਼ ਦੀ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ ਜਿਸ ਕਾਰਨ ਕੀਮਤਾਂ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। 

ਰਾਮਵਿਲਾਸ ਪਾਸਵਾਨ ਨੇ ਜਮ੍ਹਾਂਖੋਰਾਂ ਖਿਲਾਫ ਸਖਤ ਕਾਰਵਾਈ ਦੇ ਦਿੱਤੇ ਨਿਰਦੇਸ਼

ਖੁਰਾਕ ਅਤੇ ਖਪਤਕਾਰਾਂ ਦੇ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਟਵੀਟ ਕੀਤਾ ਕਿ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਦਾਲਾਂ ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ 'ਤੇ ਨਜ਼ਰ ਰੱਖ ਰਹੀ ਹੈ। ਇਹ ਸਭ ਕੁਝ ਜਮ੍ਹਾਂਖੋਰਾਂ ਵਲੋਂ ਪੈਦਾ ਕੀਤੀ ਗਈ ਨਕਲੀ ਘਾਟ ਕਾਰਨ ਹੋ ਰਿਹਾ ਹੈ। ਸਰਕਾਰ ਉਨ੍ਹਾਂ ਖਿਲਾਫ ਤੁਰੰਤ ਕਾਰਵਾਈ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਲ ਦਾਲਾਂ ਅਤੇ ਤੇਲ ਬੀਜਾਂ ਦੇ ਕਾਫੀ ਭੰਡਾਰ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਰਾਸ਼ਨ ਦੀਆਂ ਦੁਕਾਨਾਂ ਰਾਹੀਂ ਦਾਲਾਂ ਦੀ ਸਪਲਾਈ ਕਰ ਰਹੀ ਹੈ। 

ਸਰਕਾਰ ਮਹਿੰਗਾਈ 'ਤੇ ਕਾਬੂ ਪਾਉਣ ਦੀ ਕਰ ਰਹੀ ਇਹ ਤਿਆਰੀ

ਇਸੇ ਦੌਰਾਨ ਖਪਤਕਾਰ ਮਾਮਲਾ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਨੇ ਆਪਣੇ ਸਕੱਤਰ ਅਵਿਨਾਸ਼ ਕੇ ਸ਼੍ਰੀਵਾਸਤਵ ਦੀ ਪ੍ਰਧਾਨਗੀ ਹੇਠ ਜ਼ਰੂਰੀ ਵਸਤਾਂ… ਪਿਆਜ਼, ਦਾਲਾਂ ਅਤੇ ਤੇਲ ਬੀਜਾਂ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਕਮੇਟੀ ਨੇ ਦਿੱਲੀ ਲਈ ਸਰਕਾਰ ਦੇ ਬਫਰ ਸਟਾਕ ਅਤੇ ਨਾਫੇਡ ਨੂੰ ਕੀਮਤ ਸਥਿਰਤਾ ਫੰਡ (ਪੀ.ਐਸ.ਐਫ.) ਤੋਂ ਬਫਰ ਜਾਰੀ ਕਰਨ ਲਈ ਕਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਮੀਟਿੰਗ ਵਿਚ ਦਿੱਲੀ ਅਤੇ ਆਸ ਪਾਸ ਦੇ ਸੂਬਿਆਂ ਦੇ ਪੁਲਿਸ ਵਿਭਾਗ ਦੇ ਨੁਮਾਇੰਦੇ ਵੀ ਮੌਜੂਦ ਸਨ। ਉਸ ਨੂੰ ਕਿਹਾ ਗਿਆ ਹੈ ਕਿ ਉਹ ਦਿੱਲੀ ਐਨ.ਸੀ.ਆਰ. 'ਚ ਜਮ੍ਹਾਂਖੋਰੀ 'ਤੇ ਨਜ਼ਰ ਰੱਖਣ ਅਤੇ ਜਮ੍ਹਾਖੋਰਾਂ 'ਤੇ ਕਾਰਵਾਈ ਕਰਨ ਲਈ ਕਿਹਾ ਹੈ।

ਇਸ ਦੌਰਾਨ ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ ਪਾਸਵਾਨ ਨੇ ਕਿਹਾ ਕਿ ਖੁਰਾਕ ਮੰਤਰਾਲਾ ਚਾਵਲ ਦੀ ਗੁਣਵੱਤਾ ਦੀ 'ਕਿਲੇਬੰਦੀ' ਲਈ ਇਕ ਢਾਂਚਾ ਤਿਆਰ ਕਰੇਗਾ। ਦੇਸ਼ ਭਰ 'ਚ ਕੁਪੋਸ਼ਣ ਦੀ ਚੁਣੌਤੀ ਨਾਲ ਨਜਿੱਠਣ ਲਈ ਸੂਬਾ ਸਰਕਾਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਇਸ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਕੁਮਾਰ ਨੇ ਪਾਸਵਾਨ ਅਤੇ ਮੰਤਰਾਲੇ ਦੇ ਹੋਰ ਅਧਿਕਾਰੀਆਂ ਨਾਲ ਮੌਜੂਦਾ ਚਾਵਲ ਦੀ ਗੁਣਵੱਤਾ ਦੀ ਰੱਖਿਆ ਦੀ ਪਾਇਲਟ ਯੋਜਨਾ ਅਤੇ ਹੋਰ ਮੁੱਦਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ।


Related News