''ਬੁਆਏਜ਼ ਲਾਕਰ ਰੂਮ'' ''ਤੇ ਕੁੜੀਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਸ਼ੇਅਰ, ਐਕਸ਼ਨ ''ਚ ਦਿੱਲੀ ਪੁਲਸ
Tuesday, May 05, 2020 - 12:24 PM (IST)
ਨਵੀਂ ਦਿੱਲੀ— ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ 'ਤੇ 'ਬੁਆਏਜ਼ ਲਾਕਰ ਰੂਮ' ਨਾਮ ਤੋਂ ਗਰੁੱਪ ਬਣਾ ਕੇ ਕੁੜੀਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਸ਼ੇਅਰ ਕਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਇਸ ਗਰੁੱਪ ਨੂੰ ਘਿਣੌਨਾ ਅਤੇ ਅਪਰਾਧਕ ਮਾਨਸਿਕਤਾ ਵਾਲਾ ਦੱਸਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਇਸ ਮੁੱਦੇ 'ਤੇ ਉਨ੍ਹਾਂ ਨੇ ਦਿੱਲੀ ਪੁਲਸ ਅਤੇ ਇੰਸਟਾਗ੍ਰਾਮ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦਰਮਿਆਨ ਦਿੱਲੀ ਪੁਲਸ ਦੀ ਸਾਈਬਰ ਸੈੱਲ ਨੇ ਇਸ ਬਾਬਤ ਕੇਸ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਸਕੂਲ ਦੇ ਵਿਦਿਆਰਥੀਆਂ ਦੇ ਸਮੂਹ ਦੇ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ 'ਤੇ ਚੈਟ ਦੇ ਆਧਾਰ 'ਤੇ ਇਹ ਕੇਸ ਦਰਜ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
'ਬੁਆਏਜ਼ ਲਾਕਰ ਰੂਮ' 'ਚ ਵਿਦਿਆਰਥੀਆਂ ਦਾ ਇਹ ਸਮੂਹ ਆਪਣੇ ਨਾਲ ਪੜ੍ਹਨ ਵਾਲੀ ਇਕ ਵਿਦਿਆਰਥਣ ਨੂੰ ਯੌਨ ਸ਼ੋਸ਼ਣ ਅਤੇ ਉਸ ਦੀ ਤਸਵੀਰ ਆਨਲਾਈਨ ਅਪਲੋਡ ਕਰਨ ਦੀ ਧਮਕੀ ਦੇ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਦਾ ਚੈਟ ਦਾ ਸਕ੍ਰੀਨ ਸ਼ਾਟ ਸੋਮਵਾਰ ਨੂੰ ਟਵਿੱਟਰ 'ਤੇ ਕਾਫੀ ਸ਼ੇਅਰ ਕੀਤਾ ਗਿਆ ਸੀ ਅਤੇ ਹੈਸ਼ ਟੈੱਗ ਬੁਆਏ ਲਾਕਰ ਰੂਮ ਦਿਨ ਭਰ ਟਵਿੱਟਰ 'ਤੇ ਟਾਪ 'ਚ ਟਰੈਂਡ 'ਚ ਸੀ। ਓਧਰ ਸਾਈਬਰ ਸੈੱਲ ਦੇ ਡੀ. ਸੀ. ਪੀ. ਅਨੀਸ਼ ਰਾਏ ਨੇ ਕਿਹਾ ਕਿ ਅਸੀਂ ਵਾਇਰਸ ਸਕ੍ਰੀਨਸ਼ਾਟ ਨੂੰ ਆਪਣੇ ਧਿਆਨ 'ਚ ਲੈਂਦੇ ਹੋਏ ਆਈ. ਟੀ. ਐਕਟ ਸੈਕਸ਼ਨ 67, 67ਏ ਤਹਿਤ ਕੇਸ ਦਰਜ ਕਰ ਲਿਆ ਹੈ। ਅਸੀਂ ਇੰਸਟਾਗ੍ਰਾਮ ਤੋਂ ਉਕਤ ਸਮੂਹ ਦੇ ਮੈਂਬਰਾਂ ਅਤੇ ਪ੍ਰਸ਼ਾਸਨ ਦਾ ਵੇਰਵਾ ਸਾਂਝਾ ਕਰਨ ਲਈ ਕਿਹਾ ਹੈ। ਜਿਸ 'ਚ ਉਨ੍ਹਾਂ ਦੇ ਨਾਮ, ਆਈ. ਪੀ. ਪਤੇ ਆਦਿ ਸ਼ਾਮਲ ਹਨ। ਨਿੱਜੀ ਇੰਸਟਾਗ੍ਰਾਮ ਚੈਟ ਸਮੂਹ ਦੇ ਲੀਕ ਹੋਏ ਸਕ੍ਰੀਨਸ਼ਾਟ ਤੋਂ ਬਾਅਦ ਕਈ ਮੁੰਡਿਆਂ ਨੂੰ ਨਾਬਾਲਗ ਕੁੜੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ, ਇਤਰਾਜ਼ ਜਤਾਉਂਦੇ ਹੋਏ ਅਤੇ ਸਮੂਹਕ ਜ਼ਬਰ ਜਨਾਹ ਦੀ ਯੋਜਨਾ ਬਣਾਉਂਦੇ ਦੇਖਿਆ ਗਿਆ।
ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਦੱਖਣੀ ਦਿੱਲੀ ਦੀ ਇਕ ਕੁੜੀ ਨੇ ਸੋਸ਼ਲ ਮੀਡੀਆ 'ਤੇ ਇਕ ਸਕ੍ਰੀਨ ਸ਼ਾਟ ਸਾਂਝਾ ਕੀਤਾ, ਜਿਸ 'ਚ ਸਮੂਹ ਦਾ ਪਰਦਾਫਾਸ਼ ਹੋਇਆ। ਉਸ ਨੇ ਲਿਖਿਆ ਕਿ ਦੱਖਣੀ ਦਿੱਲੀ ਦੇ ਮੁੰਡਿਆਂ ਜਿਨ੍ਹਾਂ ਦੀ ਉਮਰ 17-18 ਸਾਲ ਦਰਮਿਆਨ ਹੈ, ਉਹ ਦਾ ਸਮੂਹ ਆਈ. ਜੀ. ਹੈ, ਜਿਸ ਦਾ ਨਾਮ 'ਬੁਆਏਜ਼ ਲਾਕਰ ਰੂਮ' ਹੈ। ਮੇਰੇ ਸਕੂਲ ਦੇ ਦੋ ਲੜਕੇ ਵੀ ਇਸ ਦਾ ਹਿੱਸਾ ਹਨ। ਕੁੜੀ ਨੇ ਸਮੂਹ ਦੀ ਸੂਚੀ ਅਤੇ ਉਨ੍ਹਾਂ ਦੇ ਚੈਟ ਦੇ ਸਕ੍ਰੀਨ ਸ਼ਾਟ ਨੂੰ ਵੀ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨੂੰ ਕੁੜੀਆਂ ਦੀਆਂ ਤਸਵੀਰਾਂ ਸਾਂਝਾ ਕਰਦੇ ਹੋਏ ਅਤੇ ਉਨ੍ਹਾਂ 'ਤੇ ਟਿੱਪਣੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ।