ਇੰਡੋਨੇਸ਼ੀਆ ਦੀ ਸਮੁੰਦਰੀ ਪੁਲਸ ਨੇ 8 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
Wednesday, Mar 09, 2022 - 02:24 PM (IST)
ਕੰਨਿਆਕੁਮਾਰੀ (ਵਾਰਤਾ)- ਇੰਡੋਨੇਸ਼ੀਆ ਦੀ ਸਮੁੰਦਰੀ ਪੁਲਸ ਨੇ ਉਨ੍ਹਾਂ ਦੇ ਜਲ ਖੇਤਰ 'ਚ ਗੈਰ-ਕਾਨੂੰਨੀ ਰੂਪ ਨਾਲ ਮੱਛੀ ਫੜਨ ਦੇ ਦੋਸ਼ 'ਚ 8 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜ ਮਛੇਰਾ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਪਿਛਲੇ ਸੋਮਵਾਰ ਨੂੰ ਤਾਮਿਲਨਾਡੂ ਦੇ ਮਛੇਰੇ ਅੰਡਮਾਨ ਦੀਪ 'ਤੇ ਮੱਛੀ ਫੜ ਰਹੇ ਸਨ, ਉਸੇ ਦੌਰਾਨ ਇੰਡੋਨੇਸ਼ੀਆ ਦੀ ਸਮੁੰਦਰੀ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਅਧਿਕਾਰੀਆਂ ਨੇ ਦੱਸਿਆ ਕਿ ਮਛੇਰਿਆਂ ਕੋਲ ਇੰਡੋਨੇਸ਼ੀਆ ਖੇਤਰ 'ਚ ਮੱਛੀ ਫੜਨ ਦਾ ਪਰਮਿਟ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੰਡੋਨੇਸ਼ੀਆ ਮਰੀਨ ਪੁਲਸ ਨੇ ਮੱਛੀ ਫੜਨ ਦੇ ਔਜਾਰ, 7 ਕਿਲੋਗ੍ਰਾਮ ਮੱਛੀ, ਮੋਬਾਇਲ ਫ਼ੋਨ, ਇਕ ਕੰਪਾਸ ਅਤੇ ਜੀ.ਪੀ.ਐੱਸ. ਗੈਜੇਟ ਜ਼ਬਤ ਕੀਤਾ ਅਤੇ ਸ਼ਾਰਕ ਤੇ ਡੌਲਫਿਨ ਵਰਗੀਆਂ ਕਈ ਤਰ੍ਹਾਂ ਦੀਆਂ ਮੱਛੀਆਂ ਵੀ ਮਿਲੀਆਂ। ਇਸ ਦੌਰਾਨ, ਕੰਨਿਆਕੁਮਾਰੀ 'ਚ ਮਛੇਰਾ ਸੰਘਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ 8 ਮਛੇਰਿਆਂ ਨੂੰ ਛੁਡਾਉਣ ਦੀ ਅਪੀਲ ਕੀਤੀ ਹੈ।