''ਸੋਸ਼ਲ ਮੀਡੀਆ ਤੋਂ ਦੂਰ ਰਹਿਣ ਭਾਰਤੀ ਵਿਦਿਆਰਥੀ...!'' ਧੜਾਧੜ ਰੱਦ ਹੋ ਰਹੇ US Visas ਵਿਚਾਲੇ ਮਾਹਿਰਾਂ ਦੀ ਸਲਾਹ
Sunday, Aug 24, 2025 - 08:34 AM (IST)

ਇੰਟਰਨੈਸ਼ਨਲ ਡੈਸਕ– ਅਮਰੀਕਾ ’ਚ ਵੀਜ਼ਾ ਨਿਯਮਾਂ ’ਚ ਲਗਾਤਾਰ ਤਬਦੀਲੀ ਦੀ ਪ੍ਰਕਿਰਿਆ ਜਾਰੀ ਹੈ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਇਸ ਹਫਤੇ ਦੇ ਸ਼ੁਰੂ ਵਿਚ ਕਾਨੂੰਨ ਦੀ ਉਲੰਘਣਾ ਕਾਰਨ 6 ਹਜ਼ਾਰ ਤੋਂ ਵੱਧ ਕੌਮਾਂਤਰੀ ਸਟੂਡੈਂਟ ਵੀਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਕਾਨੂੰਨੀ ਫਰਮਾਂ ਤੇ ਵਿਦੇਸ਼ ਅਧਿਐਨ ਸਲਾਹਕਾਰਾਂ ਨੇ ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖਣ।
ਮੌਜੂਦਾ ਸਮੇਂ ’ਚ 3 ਲੱਖ 30 ਹਜ਼ਾਰ ਤੋਂ ਵੱਧ ਭਾਰਤੀ ਅਮਰੀਕੀ ਯੂਨੀਵਰਸਿਟੀਆਂ ਵਿਚ ਨਾਮਜ਼ਦ ਹਨ, ਜੋ ਦੇਸ਼ ਵਿਚ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦਾ ਲੱਗਭਗ 30 ਫੀਸਦੀ ਹਿੱਸਾ ਹਨ। ਇਸ ਵਿਚਾਲੇ ਕਈ ਭਾਰਤੀ ਹੁਣ ਯੂ. ਕੇ., ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਅਤੇ ਇੱਥੋਂ ਤਕ ਕਿ ਦੁਬਈ, ਸਿੰਗਾਪੁਰ, ਜਾਪਾਨ ਤੇ ਯੂਰਪ ਦੇ ਕੁਝ ਹਿੱਸਿਆਂ ਵਰਗੇ ਬਦਲਵੇ ਸਥਾਨਾਂ ਦੀ ਭਾਲ ਕਰ ਰਹੇ ਹਨ।
ਵਿਰੋਧ ਵਿਖਾਵਿਆਂ ਵਰਗੇ ਮਾਮਲਿਆਂ ’ਚ ਵੀ ਫਸੇ ਵਿਦਿਆਰਥੀ
ਯੂਨੀਵਰਸਿਟੀ ਲਿਵਿੰਗ ਦੇ ਸੀ.ਈ.ਓ. ਸੌਰਭ ਅਰੋੜਾ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਖਬਰ ਨੇ ਕਈ ਮਾਪਿਆਂ ਤੇ ਵਿਦਿਆਰਥੀਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਮਾਮਲਿਆਂ ਵਿਚ ਵਿਦਿਆਰਥੀ ਸੋਸ਼ਲ ਮੀਡੀਆ ਸਰਗਰਮੀ ਜਾਂ ਕੈਂਪਸ ਵਿਰੋਧ ਵਿਖਾਵੇ ਵਰਗੇ ਸ਼ੱਕੀ ਮਾਮਲਿਆਂ ਵਿਚ ਵੀ ਫਸ ਗਏ ਹੋਣਗੇ। ਅਰੋੜਾ ਨੇ ਸਲਾਹ ਦਿੱਤੀ ਹੈ ਕਿ ਵਿਦਿਆਰਥੀ ਆਪਣੇ ਵੀਜ਼ਾ ਨੂੰ ਆਪਣੀ ਵਿਦੇਸ਼ ਵਿਚ ਪੜ੍ਹਾਈ ਦੇ ਸਾਮਾਨ ਦਾ ਹਿੱਸਾ ਸਮਝਣ। ਜਿਵੇਂ ਤੁਸੀਂ ਕੋਈ ਪ੍ਰੀਖਿਆ ਨਹੀਂ ਛੱਡਦੇ ਜਾਂ ਕੋਈ ਅਸਾਈਨਮੈਂਟ ਨਹੀਂ ਭੁੱਲਦੇ, ਉਸੇ ਤਰ੍ਹਾਂ ਇਸ ਨਿਯਮ ਨੂੰ ਵੀ ਨਜ਼ਰਅੰਦਾਜ਼ ਨਾ ਕਰੋ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤ ਦਾ ਪਾਕਿਸਤਾਨ ਨੂੰ ਵੱਡਾ ਝਟਕਾ ! ਜਾਰੀ ਕਰ'ਤਾ NOTAM
ਵਿਦੇਸ਼ੀ ਵਿਦਿਆਰਥੀਆਂ ਦੀ ਜਾਂਚ ਦਾ ਵਧੇਗਾ ਘੇਰਾ
ਇਕ ਹੋਰ ਮਾਹਿਰ ਨੇ ਕਿਹਾ ਕਿ ਇਹ ਪਰਿਵਾਰਾਂ ਲਈ ਅਹਿਮ ਰਿਮਾਈਂਡਰ ਹੈ ਕਿ ਵੀਜ਼ਾ ਸਿਰਫ ਇਕ ਦਾਖਲਾ ਟਿਕਟ ਨਹੀਂ ਹੈ, ਸਗੋਂ ਇਸ ਦੇ ਨਾਲ ਜ਼ਿੰਮੇਵਾਰੀਆਂ ਵੀ ਜੁੜੀਆਂ ਹੁੰਦੀਆਂ ਹਨ। ਕਾਲੇਜੀਫਾਈ ਦੇ ਸਹਿ-ਸੰਸਥਾਪਕ ਆਦਰਸ਼ ਖੰਡੇਲਵਾਲ ਨੇ ਕਿਹਾ ਕਿ ਅਮਰੀਕੀ ਇਮੀਗ੍ਰੇਸ਼ਨ ਇਨਫੋਰਸਮੈਂਟ ਲਈ ਤੈਅ 170 ਅਰਬ ਡਾਲਰ ਨੂੰ ਵੇਖਦੇ ਹੋਏ ਅਗਲੇ ਕੁਝ ਮਹੀਨਿਆਂ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਜਾਂਚ ਹੋਰ ਵਧ ਸਕਦੀ ਹੈ।
ਉਨ੍ਹਾਂ ਕਿਹਾ ਕਿ 85 ਫੀਸਦੀ ਤੋਂ ਵੱਧ ਸਟੂਡੈਂਟ ਵੀਜ਼ਾ ਸਮੀਖਿਆ ਆਮ ਤੌਰ ’ਤੇ ਬਿਨਾਂ ਕਿਸੇ ਸਥਾਈ ਪ੍ਰਭਾਵ ਦੇ ਹੱਲ ਹੋ ਜਾਂਦੀਆਂ ਹਨ। ਜ਼ਿਆਦਾਤਰ ਵਿਦਿਆਰਥੀਆਂ ਨੂੰ ਲੰਮੇ ਸਮੇਂ ਦੀਆਂ ਰੁਕਾਵਟਾਂ ਦੀ ਬਜਾਏ ਸਿਰਫ ਥੋੜ੍ਹੇ ਸਮੇਂ ਦੀਆਂ ਪ੍ਰਕਿਰਿਆ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
4 ਹਜ਼ਾਰ ਵਿਦਿਆਰਥੀਆਂ ’ਤੇ ਅਮਰੀਕੀ ਕਾਨੂੰਨ ਤੋੜਨ ਦੇ ਦੋਸ਼
ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਵਿਦੇਸ਼ੀ ਵਿਦਿਆਰਥੀਆਂ ’ਤੇ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ। ਇਸ ਹਫਤੇ ਜਿਨ੍ਹਾਂ ਲੋਕਾਂ ਦੇ ਵੀਜ਼ਾ ਰੱਦ ਕੀਤੇ ਗਏ ਹਨ, ਉਨ੍ਹਾਂ ਵਿਚੋਂ ਲੱਗਭਗ 4 ਹਜ਼ਾਰ ਕਥਿਤ ਤੌਰ ’ਤੇ ਕਾਨੂੰਨ ਤੋੜਨ ਅਤੇ ਅੱਤਵਾਦ ਦਾ ਸਮਰਥਨ ਕਰਨ ਦੇ ਦੋਸ਼ੀ ਪਾਏ ਗਏ ਹਨ। ਹਾਲਾਂਕਿ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਕੌਮ ਜਾਂ ਕਥਿਤ ਅਪਰਾਧਾਂ ਬਾਰੇ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਪਰ ਸਲਾਹਕਾਰਾਂ ਅਨੁਸਾਰ ਟਰੰਪ ਪ੍ਰਸ਼ਾਸਨ ਨੇ ਫਿਲਸਤੀਨ ਦੇ ਸਮਰਥਨ ’ਚ ਵਿਰੋਧ ਵਿਖਾਵਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਿਆ ਹੈ ਅਤੇ ਉਨ੍ਹਾਂ ’ਤੇ ਯਹੂਦੀ ਵਿਰੋਧੀ ਹੋਣ ਦਾ ਦੋਸ਼ ਲਾਇਆ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e