ਸ਼ਾਂਤੀ ਸੰਦੇਸ਼ਾਂ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਪਵਿੱਤਰ ਅਵਸ਼ੇਸ਼ਾਂ ਨੂੰ ਲੈ ਕੇ ਮੰਗੋਲੀਆ ਪੁੱਜਾ ਭਾਰਤੀ ਵਫ਼ਦ

06/14/2022 11:18:54 AM

ਨੈਸ਼ਨਲ ਡੈਸਕ– ਭਗਵਾਨ ਬੁੱਧ ਦੇ ਸ਼ਾਂਤੀ ਸੰਦੇਸ਼ਾਂ ਨੂੰ ਦੁਨੀਆ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਉਨ੍ਹਾਂ ਦੇ ਜੀਵਨ ਨਾਲ ਜੁੜੇ 22 ‘ਕਪਿਲਵਸਤੂ ਅਵਸ਼ੇਸ਼’ ਜੋ ਕਿ ਦਿੱਲੀ ਸਥਿਤ ਰਾਸ਼ਟਰੀ ਮਿਊਜ਼ੀਅਮ ਵਿਚ ਰੱਖੇ ਗਏ ਹਨ। ਇਹ ਵਿਚੋਂ 4 ਅਵਸ਼ੇਸ਼ ਮੰਗੋਲੀਆ ਵਿਚ 14 ਜੂਨ ਤੋਂ ਲੱਗਣ ਵਾਲੀ 11 ਦਿਨੀਂ ਪ੍ਰਦਰਸ਼ਨੀ ਵਿਚ ਪ੍ਰਦਰਸ਼ਿਤ ਕੀਤੇ ਜਾਣਗੇ। ਇਨ੍ਹਾਂ ਅਵਸ਼ੇਸ਼ਾਂ ਨੂੰ ਲੈ ਕੇ ਕੇਂਦਰੀ ਮੰਤਰੀ ਕਿਰੇਨ ਰਿਜਿਜੂ 25 ਮੈਂਬਰੀ ਵਫ਼ਦ ਨਾਲ ਮੰਗੋਲੀਆ ਪੁੱਜ ਗਏ ਹਨ। ਇਨ੍ਹਾਂ ਅਵਸ਼ੇਸ਼ਾਂ ਨੂੰ ਮੰਗੋਲੀਆ ਦੀ ਰਾਜਧਾਨੀ ਉੱਲਾਨਬਤਾਰ ਦੇ ਗੰਧਨਤੇਗਛਿਨਲੇ ਮੱਠ ਦੇ ਬਾਤਸਾਗਾਨ ਮੰਦਰ ਵਿਚ ਰੱਖਿਆ ਜਾਵੇਗਾ ਅਤੇ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਦਾ ਬਹੁਤ ਸ਼ਰਧਾ ਅਤੇ ਧੂਮ-ਧਾਮ ਨਾਲ ਉੱਲਾਨਬਾਤਾਰ ਕੌਮਾਂਤਰੀ ਹਵਾਈ ਅੱਡੇ ’ਤੇ ਮੰਗੋਲੀਆ ਦੀ ਸੱਭਿਆਚਾਰ ਮੰਤਰੀ ਸੁਸ਼੍ਰੀ ਚ ਨੋਮਿਨ, ਸੰਸਦ ਮੈਂਬਰ/ਭਾਰਤ ਮੰਗੋਲੀਆ ਦੋਸਤੀ ਸਮੂਹ ਦੀ ਮੁਖੀ ਸੁਸ਼੍ਰੀ ਸਰੰਚਿਮੇਗ, ਮੰਗੋਲੀਆ ਦੇ ਰਾਸ਼ਟਰਪਤੀ ਦੇ ਸਲਾਹਕਾਰ ਖਾਂਬਾ ਨੋਮੁਨ ਖਾਨ ਅਤੇ ਹੋਰ ਪਤਵੰਤੇ ਵਿਅਕਤੀਆਂ ਦੇ ਨਾਲ ਵੱਡੀ ਗਿਣਤੀ ਵਿਚ ਬੁੱਧ ਭਿਕਸ਼ੂਆਂ ਵਲੋਂ ਸਵਾਗਤ ਕੀਤਾ ਗਿਆ।

ਮਜ਼ਬੂਤ ਹੋਣਗੇ ਦੋਵਾਂ ਦੇਸ਼ਾਂ ਦੇ ਇਤਿਹਾਸਕ ਸੰਬੰਧ-
ਇਸ ਮੌਕੇ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਦੇ ਭਾਰਤ ਤੋਂ ਮੰਗੋਲੀਆ ਆਉਣ ’ਤੇ ਭਾਰਤ ਅਤੇ ਮੰਗੋਲੀਆ ਦਰਮਿਆਨ ਇਤਿਹਾਸਕ ਸੰਬੰਧ ਹੋਰ ਵੀ ਮਜ਼ਬੂਤ ਹੋਣਗੇ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਵਫ਼ਦ ਰਾਹੀਂ ਭਾਰਤ ਭਗਵਾਨ ਬੁੱਧ ਦੇ ਸ਼ਾਂਤੀ ਸੰਦੇਸ਼ਾਂ ਨੂੰ ਦੁਨੀਆ ਤੱਕ ਪਹੁੰਚਾ ਰਿਹਾ ਹੈ। ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਗੰਦਨ ਮੱਠ ਵਿਚ ਬੁੱਧ ਦੀ ਮੁੱਖ ਮੂਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2015 ਵਿਚ ਮੰਗੋਲੀਆ ਦੇ ਲੋਕਾਂ ਨੂੰ ਤੋਹਫੇ ਵਿਚ ਦਿੱਤੀ ਗਈ ਸੀ ਅਤੇ ਇਸ ਨੂੰ 2018 ਵਿਚ ਸਥਾਪਤ ਕੀਤਾ ਗਿਆ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਮੰਗੋਲੀਆ ਦੇ ਲੋਕ ਭਾਰਤ ਨਾਲ ਮਜ਼ਬੂਤ ਸੰਬੰਧਾਂ ਤੋਂ ਖੁਸ਼ ਹਨ ਅਤੇ ਉਹ ਭਾਰਤ ਨੂੰ ਗਿਆਨ ਦੇ ਇਕ ਸੋਮੇ ਦੇ ਰੂਪ ਵਿਚ ਦੇਖਦੇ ਹਨ।

PunjabKesari

ਮੰਗੋਲੀਆ ’ਚ ਭਾਰਤੀਆਂ ਲਈ ਵਿਸ਼ੇਸ਼ ਜਗ੍ਹਾ-
ਰਿਜਿਜੂ ਨੇ ਕਿਹਾ ਕਿ ਮੰਗੋਲੀਆ ਦੇ ਲੋਕਾਂ ਦੇ ਦਿਲ ਅਤੇ ਦਿਮਾਗ ਵਿਚ ਭਾਰਤ ਦਾ ਇਕ ਵਿਸ਼ੇਸ਼ ਸਥਾਨ ਹੈ। ਇਸ ਤੋਂ ਬਾਅਦ ਪਵਿੱਤਰ ਅਵਸ਼ੇਸ਼ਾਂ ਦਾ ਸਵਾਗਤ ਗੰਦਨ ਮੱਠ ਵਿਚ ਪ੍ਰਾਰਥਨਾ ਅਤੇ ਬੌਧ ਮੰਤਰਾਂ ਦੇ ਉਚਾਰਨ ਨਾਲ ਕੀਤਾ ਗਿਆ। ਵੱਡੀ ਗਿਣਤੀ ਵਿਚ ਮੰਗੋਲੀਆ ਦੇ ਲੋਕਾਂ ਨੇ ਇਕੱਠੇ ਹੋ ਕੇ ਭਗਵਾਨ ਦੇ ਪਵਿੱਤਰ ਅਵਸ਼ੇਸ਼ਾਂ ਪ੍ਰਤੀ ਸਨਮਾਨ ਪ੍ਰਗਟ ਕੀਤਾ। ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਗੰਦਨ ਮੱਠ ਦੇ ਬੌਧ ਭਿਕਸ਼ੂਆਂ ਦੀ ਹਾਜ਼ਰੀ ਵਿਚ ਅੱਜ ਤੋਂ ਸ਼ੁਰੂ ਹੋ ਰਹੀ 11 ਦਿਨਾਂ ਦੀ ਪ੍ਰਦਰਸ਼ਨੀ ਲਈ ਸੁਰੱਖਿਅਤ ਰੱਖਣ ਲਈ ਗੰਦਨ ਮੱਠ ਨੂੰ ਸੌਂਪ ਦਿੱਤਾ ਗਿਆ। ਇਸ ਤੋਂ ਪਹਿਲਾਂ, ਕੱਲ ਸ਼ਾਮ ਇਹ ਪਵਿੱਤਰ ਅਵਸ਼ੇਸ਼ ਰਵਾਇਤੀ ਸਮਾਰੋਹ ਤੋਂ ਬਾਅਦ ਵਫ਼ਦ ਦੇ ਨਾਲ ਦਿੱਲੀ ਤੋਂ ਰਵਾਨਾ ਹੋ ਗਏ। ਇਹ ਪਵਿੱਤਰ ਅਵਸ਼ੇਸ਼ ਸੰਸਕ੍ਰਿਤ ਮੰਤਰਾਲਾ ਦੇ ਰਾਸ਼ਟਰੀ ਮਿਊਜ਼ੀਅਮ ਵਿਚ ਰੱਖੇ ਗਏ 22 ਵਿਸ਼ੇਸ਼ ਪਵਿੱਤਰ ਅਵਸ਼ੇਸ਼ਾਂ ਨਾਲ ਸੰਬੰਧਤ ਹਨ।

PunjabKesari

ਅਵਸ਼ੇਸ਼ਾਂ ਨੂੰ ‘ਸਰਕਾਰੀ ਮਹਿਮਾਨ’ ਦਾ ਦਰਜਾ-
ਮੰਗੋਲੀਆ ਵਿਚ 14 ਜੂਨ ਨੂੰ ਬੁੱਧ ਪੂਰਣਿਮਾ ਦੇ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ ਅਤੇ ਇਸੇ ਸਮਾਰੋਹ ਤਹਿਤ ਇਨ੍ਹਾਂ ਅਵਸ਼ੇਸ਼ਾਂ ਨੂੰ ਇਕ ਪ੍ਰਦਰਸ਼ਨੀ ਵਿਚ ਰੱਖਿਆ ਜਾਵੇਗਾ। ਅਵਸ਼ੇਸ਼ਾਂ ਨੂੰ 11 ਦਿਨਾਂ ਤੱਕ ਮੰਗੋਲੀਆ ਦੀ ਰਾਜਧਾਨੀ ਉੱਲਾਨਬਾਤਾਰ ਦੇ ਗੰਦਨਤੇਗਛਿਨਲੇਂ ਮੱਠ ਦੇ ਬਾਤਸਾਗਾਨ ਮੰਦਰ ਵਿਚ ਰੱਖਿਆ ਜਾਵੇਗਾ ਅਤੇ ਇਸ ਦੌਰਾਨ ਉਨ੍ਹਾਂ ਨੂੰ ਇਕ ਸਰਕਾਰੀ ਮਹਿਮਾਨ’ ਦਾ ਦਰਜਾ ਦਿੱਤਾ ਜਾਵੇਗਾ। ਆਮ ਤੌਰ ’ਤੇ ਇਨ੍ਹਾਂ ਅਵਸ਼ੇਸ਼ਾਂ ਨੂੰ ਭਾਰਤ ਤੋਂ ਬਾਹਰ ਲਿਜਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ ਪਰ ਇਸ ਵਾਰ ਮੰਗੋਲੀਆ ਦੀ ਸਰਕਾਰ ਦੀ ਬੇਨਤੀ ’ਤੇ ਇਸ ਨੂੰ ਵਿਸ਼ੇਸ਼ ਤੌਰ ’ਤੇ ਇਜਾਜ਼ਤ ਦਿੱਤੀ ਗਈ ਹੈ।

1898 ’ਚ ਉੱਤਰ ਪ੍ਰਦੇਸ਼ ਤੋਂ ਬਰਾਮਦ ਹੋਏ ਸਨ ਅਵਸ਼ੇਸ਼-
ਮੰਨਿਆ ਜਾਂਦਾ ਹੈ ਕਿ ਮਹਾਤਮਾ ਬੁੱਧ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਨੂੰ ਉਨ੍ਹਾਂ ਦੇ ਕਈ ਪੈਰੋਕਾਰਾਂ ਵਿਚ ਵੰਡ ਦਿੱਤਾ ਗਿਆ ਸੀ ਅਤੇ ਫਿਰ ਇਨ੍ਹਾਂ ਪੈਰੋਕਾਰਾਂ ਰਾਹੀਂ ਇਹ ਅਸਥੀਆਂ ਵੱਖ-ਵੱਖ ਦੇਸ਼ਾਂ ਵਿਚ ਪੁੱਜ ਗਈਆਂ। ਇਹ ਚਾਰ ਅਵਸ਼ੇਸ਼ ਦਿੱਲੀ ਸਥਿਤ ਰਾਸ਼ਟਰੀ ਮਿਊਜ਼ੀਅਮ ਵਿਚ ਰੱਖੇ ਉਨ੍ਹਾਂ 22 ‘ਕਪਿਲਵਸਤੂ ਅਵਸ਼ੇਸ਼ਾਂ’ ਵਿਚੋਂ ਹਨ, ਜੋ 1898 ਵਿਚ ਉੱਤਰ ਪ੍ਰਦੇਸ਼ ਦੇ ਉਸ ਇਲਾਕੇ ਤੋਂ ਬਰਾਮਦ ਹੋਏ ਸਨ, ਜਿਸ ਨੂੰ ਕੁਝ ਜਾਣ ਕੇ ਪ੍ਰਾਚੀਨ ਸ਼ਹਿਰ ਕਪਿਲਵਸਤੂ ਦਾ ਸਥਾਨ ਮੰਨਦੇ ਹਨ।

ਮਹਾਤਮਾ ਬੁੱਧ ਨੇ ਕਪਿਲਵਸਤੂ ਵਿਚ ਬਿਤਾਏ ਸਨ ਕਈ ਸਾਲ-
ਮੰਨਿਆ ਜਾਂਦਾ ਹੈ ਕਿ ਮਹਾਤਮਾ ਬੁੱਧ ਨੇ ਆਪਣੀ ਅਧਿਆਤਮਿਕ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਕਪਿਲਵਸਤੂ ਵਿਚ ਕਈ ਸਾਲ ਆਪਣੇ ਪਰਿਵਾਰ ਨਾਲ ਬਿਤਾਏ ਸਨ। ਉਥੋਂ ਇਹ ਅਵਸ਼ੇਸ਼ ਸ਼ੈਲਖਟੀ (ਸੋਪਸਟੋਨ) ਦੀਆਂ ਡੱਬੀਆਂ ਵਿਚ ਬਰਾਮਦ ਹੋਏ ਸਨ। ਪੁਰਾਤਤਵ ਵਿਭਾਗ (ਏ. ਐੱਸ. ਆਈ.) ਇਨ੍ਹਾਂ ਨੂੰ ਬਹੁਤ ਸਾਵਧਾਨੀ ਦੇ ਨਾਲ ਰੱਖਦਾ ਹੈ। ਮੰਗੋਲੀਆ ’ਚ ਵੀ ਬੁੱਧ ਦੇ ਕੁਝ ਅਵਸ਼ੇਸ਼ ਰੱਖੇ ਗਏ ਹਨ ਅਤੇ ਇਸ ਸਾਲ ਬੁੱਧ ਪੂਰਣਿਮਾ ਦੇ ਸਮਾਰੋਹ ਦੌਰਾਨ ਭਾਰਤ ਤੋਂ ਗਏ ਅਵਸ਼ੇਸ਼ਾਂ ਨੂੰ ਇਨ੍ਹਾਂ ਅਵਸ਼ੇਸ਼ਾਂ ਦੇ ਨਾਲ ਪ੍ਰਦਰਸ਼ਨੀ ਵਿਚ ਰੱਖਿਆ ਜਾਵੇਗਾ। ਇਸ ਕਦਮ ਨੂੰ ਬੁੱਧ ਧਰਮ ਨੂੰ ਮੰਨਣ ਵਾਲੇ ਦੇਸ਼ਾਂ ਵੱਲ ਭਾਰਤ ਦੇ ਵਿਸ਼ੇਸ਼ ਕੂਟਨੀਤਕ ਮੁਹਿੰਮ ਦਾ ਇਕ ਹਿੱਸਾ ਮੰਨਿਆ ਜਾ ਰਿਹਾ ਹੈ। ਇਸੇ ਸਿਲਸਿਲੇ ਵਿਚ ਮਈ 2022 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਦੇ ਲੁੰਬਿਨੀ ਗਏ ਸਨ, ਜਿਸ ਨੂੰ ਬੁੱਧ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਮੋਦੀ ਨੇ ਉਥੇ ਪੂਜਾ ਕਰਨ ਤੋਂ ਇਲਾਵਾ ਉਥੇ ਇਕ ਕੌਮਾਂਤਰੀ ਬੁੱਧ ਕੇਂਦਰ ਦਾ ਉਦਘਾਟਨ ਵੀ ਕੀਤਾ ਸੀ।

ਭਾਰਤ-ਮੰਗੋਲੀਆ ਦੇ ਅਧਿਆਤਮਕ ਸੰਬੰਧ-
ਭਾਰਤ ਅਤੇ ਮੰਗੋਲੀਆ ਆਪਣੀ ਸਾਂਝੀ ਬੁੱਧ ਵਿਰਾਸਤ ਕਾਰਨ ਅਧਿਆਤਮਿਕ ਰੂਪ ਨਾਲ ਜੁੜੇ ਹੋਏ ਹਨ। ਸਾਲ 1955 ਵਿਚ ਭਾਰਤ ਨੇ ਮੰਗੋਲੀਆ ਦੇ ਨਾਲ ਡਿਪਲੋਮੈਟਿਕ ਸੰਬੰਧ ਸਥਾਪਤ ਕੀਤੇ ਕਿਉਂਕਿ ਮੰਗੋਲੀਆ ਨੇ ਭਾਰਤ ਨੂੰ ‘ਅਧਿਆਤਮਿਕ ਗੁਆਂਢੀ’ ਅਤੇ ਰਣਨੀਤਕ ਭਾਈਵਾਲ ਐਲਾਨ ਕੀਤਾ ਸੀ। ਇਸ ਤਰ੍ਹਾਂ ਭਾਰਤ, ਸੋਵੀਅਤ ਬਲਾਕ ਦੇ ਬਾਹਰ ਉਨ੍ਹਾਂ ਸ਼ੁਰੂਆਤੀ ਦੇਸ਼ਾਂ ਵਿਚ ਪਹਿਲਾ ਦੇਸ਼ ਸੀ, ਜਿਸ ਨੇ ਮੰਗੋਲੀਆ ਦੇ ਨਾਲ ਡਿਪਲੋਮੈਟਿਕ ਸੰਬੰਧ ਸਥਾਪਤ ਕੀਤੇ ਸਨ।

ਮੰਗੋਲੀਆ ’ਚ ਬੁੱਧ ਧਰਮ-
ਪੂਰੀ ਦੁਨੀਆ ਵਿਚ ਲਗਭਗ 54 ਕਰੋੜ ਲੋਕ ਬੁੱਧ ਧਰਮ ਦੇ ਪੈਰੋਕਾਰ ਹਨ, ਜੋ ਦੁਨੀਆ ਦੀ ਆਬਾਦੀ ਦਾ 7ਵਾਂ ਹਿੱਸਾ ਹੈ। ਚੀਨ, ਜਾਪਾਨ, ਵੀਅਤਨਾਮ, ਥਾਈਲੈਂਡ, ਮਿਆਂਮਾਰ, ਭੂਟਾਨ, ਸ਼੍ਰੀਲੰਕਾ, ਕੰਬੋਡੀਆ, ਮੰਗੋਲੀਆ, ਤਿੱਬਤ, ਲਾਓਸ, ਹਾਂਗਕਾਂਗ, ਤਾਇਵਾਨ, ਮਕਾਊ, ਸਿੰਗਾਪੁਰ, ਦੱਖਣੀ ਕੋਰੀਆ ਅਤੇ ਉੱਤਰ ਕੋਰੀਆ ਸਮੇਤ 18 ਦੇਸ਼ਾਂ ਵਿਚ ਬੁੱਧ ਧਰਮ ‘ਪ੍ਰਮੁੱਖ ਧਰਮ’ ਮੰਨਿਆ ਗਿਆ ਹੈ। ਜਿਥੋਂ ਤੱਕ ਮੰਗੋਲੀਆ ਵਿਚ ਬੁੱਧ ਧਰਮ ਦਾ ਸੰਬੰਧ ਹੈ ਤਾਂ ਇਕ ਜਾਣਕਾਰੀ ਮੁਤਾਬਕ ਮੰਗੋਲੀਆ ਦੀ ਆਬਾਦੀ ਵਿਚ 98 ਫੀਸਦੀ ਬੁੱਧ ਧਰਮ ਦੇ ਪੈਰੋਕਾਰ ਦੱਸੇ ਜਾ ਰਹੇ ਹਨ। ਮੰਗੋਲੀਆ ਵਿਚ ਬੁੱਧ ਧਰਮ ਦਾ ਇਤਿਹਾਸ ਗੇਲਗ ਅਤੇ ਕਾਗੁਯੁ ਵੰਸ਼ਾਵਲੀ ਨਾਲ ਜੁੜਿਆ ਮੰਨਿਆ ਜਾਂਦਾ ਹੈ। ਰਵਾਇਤੀ ਤੌਰ ’ਤੇ ਮੰਗੋਲੀਆਈ ਜਾਤੀ ਧਰਮ ਵਿਚ ਸਵਰਗ (ਸ਼ਾਸ਼ਵਤ ਨੀਲਾ ਆਕਾਸ਼) ਅਤੇ ਪੂਰਵਜ਼ਾਂ ਅਤੇ ਪ੍ਰਾਚੀਨ ਉੱਤਰੀ ਏਸ਼ੀਆਈ ਪ੍ਰਥਾਵਾਂ ਸ਼ਮਨਵਾਦ ਦੀ ਪੂਜਾ ਸ਼ਾਮਲ ਹੈ। ਬੁੱਧ ਧਰਮ ਨੇ ਮੱਧ ਏਸ਼ੀਆ ਰਾਹੀਂ ਨੇਪਾਲ ਤੋਂ ਮੰਗੋਲੀਆ ਵਿਚ ਪ੍ਰਵੇਸ਼ ਕੀਤਾ। ਸੰਸਕ੍ਰਿਤ ਮੂਲ ਦੇ ਕਈ ਬੁੱਧ ਸ਼ਬਦਾਂ ਨੂੰ ਸੋਗਡੀਅਨ ਭਾਸ਼ਾ ਦੇ ਮਾਧਿਅਮ ਨਾਲ ਅਪਣਾਇਆ ਗਿਆ ਸੀ।

ਮੰਗੋਲੀਆ ’ਚ ਕਿਵੇਂ ਹੋਇਆ ਸੀ ਬੁੱਧ ਧਰਮ ਦਾ ਪ੍ਰਸਾਰ
13ਵੀਂ ਸਦੀ ਤੋਂ ਪਹਿਲਾਂ ਮੰਗੋਲੀਆ ਵਿਚ ਬੁੱਧ ਧਰਮ ਦਾ ਕੋਈ ਪ੍ਰਭਾਵ ਨਹੀਂ ਸੀ। ਚੰਗੇਜ ਖਾਨ ਨੇ ਆਪਣੀ ਮੰਨਤ ਮੁਤਾਬਕ ਨੀਲਾਂਭਾਨ ਦੇਵ ਨੂੰ ਇਕ ਸਫੇਦ ਘੋੜੇ ਦੀ ਬਲੀ ਦਿੱਤੀ ਸੀ। ਦੱਖਣੀ ਚੀਨ ਦੀ ਲੜਾਈ ਦੌਰਾਨ ਕਈ ਬੁੱਧ ਮੱਠਾਂ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿਚੋਂ ਕੁਝ ਮੱਠਾਂ ’ਤੇ ਤਾਓਵਾਦੀ ਲੋਕਾਂ ਦਾ ਕਬਜ਼ਾ ਸੀ। ਚੰਗੇਜ ਖਾਨ, ਓਗੋਤਾਈ ਖਾਨ, ਕੁਯੁਕ ਅਤੇ ਮੰਗੁਖਾਨ ਦੇ ਸ਼ਾਸਨਕਾਲ ਦੌਰਾਨ ਬੁੱਧ ਧਰਮ ਹੌਲੀ-ਹੌਲੀ ਮੰਗੋਲੀਆ ਵਿਚ ਫੈਲ ਗਿਆ। ਉਸ ਸਮੇਂ ਮੰਗੋਲ ਸਮਰਾਟਾਂ ਨੂੰ ਆਕਰਸ਼ਿਤ ਕਰਨ ਲਈ ਵੱਖ-ਵੱਖ ਧਰਮ ਸੰਘਰਸ਼ ਕਰ ਰਹੇ ਸਨ।

ਧਰਮ ਪ੍ਰੀਸ਼ਦ ’ਚ ਜਿੱਤ ਗਏ ਸਨ ਬੁੱਧ
ਇਤਿਹਾਸਕਾਰਾਂ ਮੁਤਾਬਕ ਮੰਗੁਖਾਨ ਨੇ ਕਾਰਾਕੋਰਮ ਵਿਚ ਇਕ ਵੱਡੀ ਧਰਮ ਪ੍ਰੀਸ਼ਦ ਦਾ ਆਯੋਜਨ ਕੀਤਾ ਸੀ। ਇਸ ਵਿਚ ਖਿਸ਼ਚਨ, ਮੁਸਲਿਮ ਅਤੇ ਬੌਧੀਆਂ ਨੇ ਹਿੱਸਾ ਲਿਆ ਸੀ। ਧਰਮ ਪ੍ਰੀਸ਼ਦ ਵਿਚ ਬੁੱਧ ਜਿੱਤ ਗਏ ਸਨ। ਉਸ ਤੋਂ ਬਾਅਦ ਇਕ ਪਾਸੇ ਧਰਮ ਸਭਾ ਬੁਲਾਈ ਗਈ, ਜਿਸ ਵਿਚ ਖੁਦ ਮੰਗੁਖਾਨ ਹਾਜ਼ਰ ਸਨ। ਉਸ ਬੈਠਕ ਵਿਚ ਬੁੱਧ ਭਿਕਸ਼ੂ ਫੂ-ਯੋ ਨੇ ਵਿਚਾਰਾਂ ਨਾਲ ਤਾਓਵਾਦੀਆਂ ਨੂੰ ਹਰਾਇਆ ਸੀ। ਮੰਗੁਖਾਨ ਨੇ ਕਿਹਾ ਸੀ ਕਿ ਜਿਵੇਂ ਹੱਥ ਦੀ ਹਥੇਲੀ ਵਿਚੋਂ ਉਂਗਲੀਆਂ ਨਿਕਲਦੀਆਂ ਹਨ, ਉਵੇਂ ਹੀ ਬੁੱਧ ਧਰਮ ਹੱਥ ਦੀ ਹਥੇਲੀ ਹੈ ਅਤੇ ਹੋਰ ਧਰਮ ਇਸ ਵਿਚੋਂ ਨਿਕਲਣ ਵਾਲੀਆਂ ਉਂਗਲੀਆਂ ਹਨ।

ਕੁਬਿਲਾਈ ਖਾਨ ਨੇ ਅਪਣਾ ਲਿਆ ਸੀ ਬੁੱਧ ਧਰਮ
ਮੰਗੁਖਾਨ ਨੇ ਬਿਨਾਂ ਕੋਈ ਕਾਰਵਾਈ ਕੀਤੇ ਆਪਣੇ ਛੋਟੇ ਭਰਾ ਕੁਬਿਲਾਈ ਖਾਨ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ। ਕੁਬਿਲਾਈ ਖਾਨ ਨਾ ਸਿਰਫ ਇਕ ਮਹਾਨ ਨਾਇਕ ਸਨ ਸਗੋਂ ਉਹ ਇਕ ਰਾਜਨੇਤਾ ਵੀ ਸਨ ਅਤੇ ਧਰਮ ਤੇ ਦਰਸ਼ਨ ਵਿਚ ਵਿਸ਼ੇਸ਼ ਦਿਲਚਸਪੀ ਰੱਖਦੇ ਸਨ। ਕੁਝ ਇਤਿਹਾਸਕਾਰ ਲਿਖਦੇ ਹਨ ਕਿ ਕੁਬਿਲਾਈ ਖਾਨ ਬੁੱਧ ਧਰਮ ਵਿਚ ਤਬਦੀਲ ਹੋ ਗਿਆ ਸੀ। ਉਸ ਦੇ ਸਮੇਂ ਵਿਚ ਬੌਧੀਆਂ ਖਿਲਾਫ ਲਿਖੇ ਗਏ ਗ੍ਰੰਥਾਂ ਨੂੰ ਸਾੜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਤੇਜ਼ੀ ਨਾਲ ਮੰਗੋਲੀਆ ਵਿਚ ਬੁੱਧ ਧਰਮ ਦਾ ਪ੍ਰਸਾਰ ਹੁੰਦਾ ਚਲਾ ਗਿਆ।


Tanu

Content Editor

Related News