ਟਰਾਂਸਪੋਰਟ ਮੰਤਰੀ ਦਾ ਦੋਸ਼, ਬੰਗਲਾਦੇਸ਼ ’ਚ ਭਾਰਤੀ ਬੱਸ ’ਤੇ ਹੋਇਆ ਹਮਲਾ

Sunday, Dec 01, 2024 - 07:39 PM (IST)

ਟਰਾਂਸਪੋਰਟ ਮੰਤਰੀ ਦਾ ਦੋਸ਼, ਬੰਗਲਾਦੇਸ਼ ’ਚ ਭਾਰਤੀ ਬੱਸ ’ਤੇ ਹੋਇਆ ਹਮਲਾ

ਅਗਰਤਲਾ, (ਭਾਸ਼ਾ)- ਤ੍ਰਿਪੁਰਾ ਦੇ ਟਰਾਂਸਪੋਰਟ ਮੰਤਰੀ ਸੁਸ਼ਾਂਤ ਚੌਧਰੀ ਨੇ ਦੋਸ਼ ਲਾਇਆ ਹੈ ਕਿ ਅਗਰਤਲਾ ਤੋਂ ਢਾਕਾ ਹੁੰਦੇ ਹੋਏ ਕੋਲਕਾਤਾ ਜਾ ਰਹੀ ਇਕ ਭਾਰਤੀ ਬੱਸ ’ਤੇ ਬੰਗਲਾਦੇਸ਼ ’ਚ ਹਮਲਾ ਕੀਤਾ ਗਿਆ। ਘਟਨਾ ਬੰਗਲਾਦੇਸ਼ ਦੇ ਬ੍ਰਾਹਮਣਬਾਰੀਆ ਜ਼ਿਲੇ ਦੀ ਵਿਸ਼ਵਾ ਰੋਡ ’ਤੇ ਵਾਪਰੀ।

ਸੋਸ਼ਲ ਮੀਡੀਆ ਪਲੇਟਫਾਰਮ ‘ਫੇਸਬੁੱਕ’ ’ਤੇ ਬੱਸ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਚੌਧਰੀ ਨੇ ਲਿਖਿਆ ਕਿ ਸ਼ਿਆਮੋਲੀ ਟਰਾਂਸਪੋਰਟ ਦੀ ਉਕਤ ਬੱਸ ’ਤੇ ਹੋਏ ਹਮਲੇ ਕਾਰਨ ਬੱਸ ’ਚ ਸਫ਼ਰ ਕਰ ਰਹੇ ਭਾਰਤੀ ਮੁਸਾਫਰ ਡਰ ਗਏ।

ਉਨ੍ਹਾਂ ਦੱਸਿਆ ਕਿ ਬੱਸ ਆਪਣੇ ਰਾਹ ’ਤੇ ਜਾ ਰਹੀ ਸੀ ਕਿ ਇਕ ਟਰੱਕ ਨੇ ਜਾਣਬੁੱਝ ਕੇ ਟੱਕਰ ਮਾਰ ਦਿੱਤੀ। ਇਸ ਦੌਰਾਨ ਬੱਸ ਦੇ ਅੱਗੇ ਇਕ ਆਟੋ ਰਿਕਸ਼ਾ ਆ ਗਿਆ। ਬੱਸ ਤੇ ਆਟੋ ਰਿਕਸ਼ਾ ਦੀ ਟੱਕਰ ਹੋ ਗਈ।

ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੋਂ ਸਥਾਨਕ ਲੋਕਾਂ ਨੇ ਬੱਸ ’ਚ ਸਵਾਰ ਭਾਰਤੀ ਮੁਸਾਫਰਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਭਾਰਤ ਵਿਰੋਧੀ ਨਾਅਰੇ ਲਾਏ, ਭਾਰਤੀ ਮੁਸਾਫਰਾਂ ਨਾਲ ਬਦਸਲੂਕੀ ਕੀਤੀ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਮੰਤਰੀ ਨੇ ਕਿਹਾ ਕਿ ਮੈਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ ਤੇ ਗੁਆਂਢੀ ਦੇਸ਼ ਦੇ ਪ੍ਰਸ਼ਾਸਨ ਨੂੰ ਭਾਰਤੀ ਮੁਸਾਫਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ।

ਦੱਸਣਯੋਗ ਹੈ ਕਿ ਕੋਲਕਾਤਾ ਤੇ ਅਗਰਤਲਾ ਵਿਚਾਲੇ ਬੱਸਾਂ ਢਾਕਾ ਰਾਹੀਂ ਚੱਲਦੀਆਂ ਹਨ ਕਿਉਂਕਿ ਇਸ ਨਾਲ ਸਫਰ ਦੀ ਦੂਰੀ ਬਹੁਤ ਘੱਟ ਜਾਂਦੀ ਹੈ। ਇਹ ਹਵਾਈ ਸਫਰ ਨਾਲੋਂ ਵੀ ਸਸਤੀ ਪੈਂਦੀ ਹੈ। ਆਸਾਮ ਦੇ ਰਸਤਿਓਂ ਰੇਲ ਰਾਹੀਂ ਸਫਰ ਕਰਨ ਨਾਲੋਂ ਵੀ ਘੱਟ ਸਮਾਂ ਲੱਗਦਾ ਹੈ। ਰੇਲ ਰਾਹੀਂ 30 ਘੰਟਿਆਂ ਤੋਂ ਵੱਧ ਸਮਾਂ ਲੱਗਦਾ ਹੈ।


author

Rakesh

Content Editor

Related News