ਸੰਸਾਰਕ ਭੁੱਖ ਸੂਚਕ-ਅੰਕ 2024 ’ਚ 127 ਦੇਸ਼ਾਂ ਦਰਮਿਆਨ ਭਾਰਤ ਨੂੰ ਰੱਖਿਆ ‘ਗੰਭੀਰ’ ਸ਼੍ਰੇਣੀ ਵਿਚ

Sunday, Oct 13, 2024 - 10:57 AM (IST)

ਲੰਡਨ (ਭਾਸ਼ਾ) – ਸੰਸਾਰਕ ਭੁੱਖ ਸੂਚਕ-ਅੰਕ (ਜੀ. ਐੱਚ. ਆਈ.) ਦੀ 127 ਦੇਸ਼ਾਂ ਦੀ ਸੂਚੀ ਵਿਚ ਭਾਰਤ ਨੂੰ 105ਵੇਂ ਸਥਾਨ ਦੇ ਨਾਲ ‘ਗੰਭੀਰ’ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਕੌਮਾਂਤਰੀ ਮਨੁੱਖੀ ਏਜੰਸੀਆਂ ਭੁੱਖ ਦੇ ਲੈਵਲ ਨੂੰ ਮਾਪਣ ਲਈ ਕੁਪੋਸ਼ਣ ਅਤੇ ਬਾਲ ਮੌਤ ਦਰ ਸੰਕੇਤਕਾਂ ਦੇ ਆਧਾਰ ’ਤੇ ਜੀ. ਐੱਚ. ਆਈ. ਸਕੋਰ ਪ੍ਰਦਾਨ ਕਰਦੀਆਂ ਹਨ, ਜਿਸਦੇ ਆਧਾਰ ’ਤੇ ਇਹ ਸੂਚੀ ਤਿਆਰ ਕੀਤੀ ਗਈ ਹੈ।

ਸਾਲ 2024 ਦੀ ਰਿਪੋਰਟ ਇਸ ਹਫਤੇ ਆਇਰਲੈਂਡ ਦੇ ਮਨੁੱਖੀ ਸੰਗਠਨ ‘ਕੰਸਰਨ ਵਰਲਡਵਾਈਡ’ ਤੇ ਜਰਮਨ ਸਹਾਇਤਾ ਏਜੰਸੀ ‘ਵੈਲਥਹੰਗਰਹਿਲਫ’ ਨੇ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿਚ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਹੈ ਕਿ ਭੁੱਖ ਦੇ ਮੁੱਦੇ ਨਾਲ ਨਜਿੱਠਣ ਦੇ ਉਪਾਵਾਂ ’ਚ ਜ਼ਿਆਦਾ ਵਿਕਾਸ ਨਾ ਹੋਣ ਕਾਰਨ ਦੁਨੀਆ ਦੇ ਕਈ ਸਭ ਤੋਂ ਗਰੀਬ ਦੇਸ਼ਾਂ ਵਿਚ ਭੁੱਖ ਦਾ ਪੱਧਰ ਕਈ ਦਹਾਕਿਆਂ ਤਕ ਉੱਚਾ ਬਣਿਆ ਰਹੇਗਾ। ਭਾਰਤ ਉਨ੍ਹਾਂ 42 ਦੇਸ਼ਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਨਾਲ ‘ਗੰਭੀਰ’ ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਜਦੋਂਕਿ ਹੋਰ ਦੱਖਣੀ ਏਸ਼ੀਆਈ ਗੁਆਂਢੀ ਦੇਸ਼ ਜਿਵੇਂ ਬੰਗਲਾਦੇਸ਼, ਨੇਪਾਲ ਤੇ ਸ਼੍ਰੀਲੰਕਾ ਬਿਹਤਰ ਜੀ. ਐੱਚ. ਆਈ. ਸਕੋਰ ਦੇ ਨਾਲ ‘ਮੱਧਮ’ ਸ਼੍ਰੇਣੀ ਵਿਚ ਹਨ।

ਸੂਚਕ-ਅੰਕ ਦੀ ਐਂਟਰੀ ਵਿਚ ਕਿਹਾ ਗਿਆ ਹੈ ਕਿ 2024 ਦੇ ਸੰਸਾਰਕ ਭੁੱਖ ਸੂਚਕ-ਅੰਕ ਵਿਚ 27.3 ਦੇ ਸਕੋਰ ਨਾਲ ਭਾਰਤ ’ਚ ਭੁੱਖ ਦਾ ਪੱਧਰ ਗੰਭੀਰ ਹੈ। 2030 ਤਕ ਭੁੱਖ-ਮੁਕਤ ਦੁਨੀਆ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ। ਵਿਸ਼ਵ ਪੱਧਰ ’ਤੇ ਲੱਗਭਗ 73.3 ਕਰੋੜ ਲੋਕ ਰੋਜ਼ਾਨਾ ਲੋੜੀਂਦੀ ਮਾਤਰਾ ਵਿਚ ਭੋਜਨ ਮੁਹੱਈਆ ਨਾ ਹੋਣ ਕਾਰਨ ਭੁੱਖ ਦਾ ਸਾਹਮਣਾ ਕਰਦੇ ਹਨ, ਜਦੋਂਕਿ ਲੱਗਭਗ 2.8 ਅਰਬ ਲੋਕ ਚੰਗੀ ਕਿਸਮ ਦੇ ਭੋਜਨ ਦਾ ਖਰਚਾ ਸਹਿਣ ਨਹੀਂ ਕਰ ਸਕਦੇ।


Harinder Kaur

Content Editor

Related News