ਭਾਰਤ ’ਚ ਖਪਤ ਤੋਂ ਵੱਧ ਅਨਾਜ ਦੀ ਪੈਦਾਵਾਰ, ਹੁਣ ਦੁਨੀਆ ਦਾ ਪੇਟ ਭਰਾਂਗੇ : ਮੋਦੀ

Sunday, Aug 04, 2024 - 12:25 AM (IST)

ਨਵੀਂ ਦਿੱਲੀ, (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਇਕ ਫੂਡ ਸਰਪਲੱਸ (ਖਪਤ ਤੋਂ ਵੱਧ ਅਨਾਜ ਦੀ ਪੈਦਾਵਾਰ ਵਾਲਾ) ਦੇਸ਼ ਬਣ ਗਿਆ ਹੈ। ਹੁਣ ਭਾਰਤ ਦੁਨੀਆ ਦਾ ਪੇਟ ਭਰਨ ਅਤੇ ਖੁਰਾਕ ਸੁਰੱਖਿਆ ਲਈ ਹੱਲ ਪ੍ਰਦਾਨ ਕਰਨ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ। ਭਾਰਤ ਵਿਚ 65 ਸਾਲਾਂ ਬਾਅਦ ਆਯੋਜਿਤ ਕੀਤੇ ਜਾ ਰਹੇ ਖੇਤੀਬਾੜੀ ਅਰਥਸ਼ਾਸਤਰੀਆਂ ਦੇ 32ਵੇਂ ਕੌਮਾਂਤਰੀ ਸੰਮੇਲਨ (ਆਈ. ਸੀ. ਏ. ਈ.) ਦਾ ਉਦਘਾਟਨ ਕਰਨ ਪਿੱਛੋਂ ਪ੍ਰਧਾਨ ਮੰਤਰੀ ਨੇ ਇਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦਾ ਆਮ ਬਜਟ 2024-25 ਚੌਗਿਰਦੇ ਦੇ ਅਨੁਕੂਲ ਖੇਤੀ ’ਤੇ ਕੇਂਦਰਤ ਹੈ।

ਮੋਦੀ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਭਾਰਤ ਨੇ ਇਸ ਦੀ ਮੇਜ਼ਬਾਨੀ ਕੀਤੀ ਸੀ ਤਾਂ ਉਸ ਨੂੰ ਆਜ਼ਾਦੀ ਮਿਲੇ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਅਤੇ ਉਹ ਦੌਰ ਦੇਸ਼ ਵਿਚ ਖੇਤੀਬਾੜੀ ਤੇ ਖੁਰਾਕ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਚੁਣੌਤੀ ਭਰਿਆ ਸੀ।

ਉਨ੍ਹਾਂ ਕਿਹਾ ਕਿ ਭਾਰਤ ਹੁਣ ਇਕ ਫੂਡ ਸਰਪਲੱਸ ਦੇਸ਼ ਹੈ। ਇਹ ਦੁਨੀਆ ਵਿਚ ਦੁੱਧ, ਦਾਲਾਂ ਤੇ ਮਸਾਲਿਆਂ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਸ ਤੋਂ ਇਲਾਵਾ ਭਾਰਤ ਅਨਾਜ, ਫਲ, ਸਬਜ਼ੀ, ਕਪਾਹ, ਖੰਡ ਤੇ ਚਾਹ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਵੀ ਬਣ ਗਿਆ ਹੈ। ਇਕ ਦੌਰ ਸੀ ਜਦੋਂ ਭਾਰਤ ਦੀ ਖੁਰਾਕ ਸੁਰੱਖਿਆ ਦੁਨੀਆ ਲਈ ਚਿੰਤਾ ਦਾ ਸਵੱਬ ਸੀ। ਹੁਣ ਦੇਸ਼ ਵਿਸ਼ਵ ਖੁਰਾਕ ਤੇ ਪੋਸ਼ਣ ਸੁਰੱਖਿਆ ਲਈ ਹੱਲ ਪ੍ਰਦਾਨ ਕਰਨ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ। ਇਸ ਲਈ ਖੁਰਾਕ ਪ੍ਰਣਾਲੀ ਤਬਦੀਲੀ ’ਤੇ ਚਰਚਾ ਲਈ ਭਾਰਤ ਦਾ ਤਜਰਬਾ ਕੀਮਤੀ ਹੈ।

ਮੋਦੀ ਨੇ ਕਿਹਾ ਕਿ ਭਾਰਤੀ ਖੇਤੀਬਾੜੀ ਵਿਚ 90 ਫੀਸਦੀ ਕਿਸਾਨਾਂ ਕੋਲ ਬਹੁਤ ਘੱਟ ਜ਼ਮੀਨ ਹੈ ਅਤੇ ਇਹ ਛੋਟੇ ਕਿਸਾਨ ਭਾਰਤ ਦੀ ਖੁਰਾਕ ਸੁਰੱਖਿਆ ਦੀ ਸਭ ਤੋਂ ਵੱਡੀ ਤਾਕਤ ਹਨ। ਇਸ ਦਾ ਮਨੋਰਥ ਨੌਜਵਾਨ ਖੋਜੀਆਂ ਤੇ ਅਗਾਂਹਵਧੂ ਪੇਸ਼ੇਵਰਾਂ ਨੂੰ ਵੈਸ਼ਵਿਕ ਹਮਅਹੁਦਿਆਂ ਨਾਲ ਆਪਣੇ ਕੰਮ ਤੇ ਨੈੱਟਵਰਕ ਨੂੰ ਪੇਸ਼ ਕਰਨ ਲਈ ਇਕ ਮੰਚ ਪ੍ਰਦਾਨ ਕਰਨਾ ਹੈ।

70 ਦੇਸ਼ਾਂ ਦੇ ਲੱਗਭਗ 1,000 ਪ੍ਰਤੀਨਿਧੀ ਲੈ ਰਹੇ ਹਨ ਹਿੱਸਾ

ਖੇਤੀਬਾੜੀ ਅਰਥਸ਼ਾਸਤਰੀਆਂ ਦੇ ਕੌਮਾਂਤਰੀ ਸੰਮੇਲਨ ਵਿਚ ਦੁਨੀਆ ਦੇ 70 ਦੇਸ਼ਾਂ ਦੇ ਲੱਗਭਗ 1,000 ਪ੍ਰਤੀਨਿਧੀ ਹਿੱਸਾ ਲੈ ਰਹੇ ਹਨ। ‘ਇੰਟਰਨੈਸ਼ਨਲ ਐਸੋਸੀਏਸ਼ਨ ਆਫ ਐਗਰੀਕਲਚਰ ਇਕੋਨੋਮਿਸਟਸ’ ਵੱਲੋਂ ਇਹ ਤਿੰਨ ਸਾਲਾ ਸੰਮੇਲਨ 2 ਤੋਂ 7 ਅਗਸਤ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਸੰਮੇਲਨ ਦਾ ਵਿਸ਼ਾ ‘ਚੌਗਿਰਦਾ ਅਨੁਕੂਲ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਵੱਲ’ ਹੈ।

ਪ੍ਰਧਾਨ ਮੰਤਰੀ ਨੇ ‘ਵਿਸ਼ਵ ਬੰਧੂ’ ਦੇ ਰੂਪ ’ਚ ਵਿਸ਼ਵ ਕਲਿਆਣ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ। ਇਹ ਸੰਮੇਲਨ ਵੈਸ਼ਵਿਕ ਖੇਤੀਬਾੜੀ ਚੁਣੌਤੀਆਂ ਪ੍ਰਤੀ ਭਾਰਤ ਦੇ ਸਰਗਰਮ ਨਜ਼ਰੀਏ ’ਤੇ ਚਾਨਣਾ ਪਾਵੇਗਾ ਅਤੇ ਖੇਤੀਬਾੜੀ ਖੋਜ ਤੇ ਨੀਤੀ ਵਿਚ ਦੇਸ਼ ਦੀ ਤਰੱਕੀ ਨੂੰ ਅਹਿਮੀਅਤ ਦੇਵੇਗਾ।


Rakesh

Content Editor

Related News