''ਪਾਕਿਸਤਾਨ ਨੇ ਹਮੇਸ਼ਾ ਝੂਠ ਬੋਲਿਆ, ਦਾਊਦ ਦੀ ਹਵਾਲਗੀ ਲਈ ਦਬਾਅ ਬਣਾਏ ਭਾਰਤ''

8/24/2020 4:27:54 PM

ਨਵੀਂ ਦਿੱਲੀ— ਬੀਤੇ ਦਿਨੀਂ ਪਾਕਿਸਤਾਨ ਨੇ 88 ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੀ ਸੂਚੀ ਜਾਰੀ ਕੀਤੀ ਸੀ। ਇਸ ਸੂਚੀ 'ਚ ਹਾਫਿਜ਼ ਸਈਦ, ਮਸੂਦ ਅਜ਼ਹਰ ਅਤੇ ਦਾਊਦ ਇਬਰਾਹਿਮ ਦਾ ਨਾਂ ਸ਼ਾਮਲ ਸੀ। ਪਾਕਿਸਤਾਨ ਨੇ ਆਖ਼ਰਕਾਰ 27 ਸਾਲ ਬਾਅਦ ਮੰਨਿਆ ਕਿ ਮੋਸਟ ਵਾਂਟੇਡ ਅੱਤਵਾਦੀ ਦਾਊਦ ਕਰਾਚੀ ਵਿਚ ਹੈ। ਆਪਣੇ ਇਸ ਬਿਆਨ ਤੋਂ ਪਾਕਿਸਤਾਨ ਹਮੇਸ਼ਾ ਵਾਂਗ ਪਲਟ ਗਿਆ। ਝੂਠੇ ਪਾਕਿਸਤਾਨ ਨੇ ਦਾਊਦ ਦੀ ਮੌਜੂਦਗੀ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ ਦੇ ਅਜਿਹੇ ਬਿਆਨ ਤੋਂ ਬਾਅਦ ਮਨੁੱਖੀ ਅਧਿਕਾਰ ਵਰਕਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਦਾਊਦ ਅਤੇ ਹੋਰ ਅੱਤਵਾਦੀਆਂ ਦੀ ਹਵਾਲਗੀ ਲਈ ਪਾਕਿਸਤਾਨ ਤੋਂ ਪੁੱਛਣਾ ਚਾਹੀਦੀ ਹੈ ਅਤੇ ਦਬਾਅ ਬਣਾਉਣਾ ਚਾਹੀਦਾ ਹੈ। ਇਸ ਵਿਚ 26/11 ਦੇ ਮੁੰਬਈ ਹਮਲੇ ਦਾ ਮਾਸਟਰ ਮਾਈਂਡ ਅਤੇ ਜਮਾਤ-ਉਦ-ਦਾਵਾ ਮੁਖੀ ਹਾਫਿਜ਼ ਸਈਦ, ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਅਤੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਸ਼ਾਮਲ ਹਨ। 

ਮਨੁੱਖੀ ਅਧਿਕਾਰ ਵਰਕਰਾਂ ਨੇ ਕਿਹਾ ਕਿ ਪਾਕਿਸਤਾਨ ਅਤੇ ਉਸ ਦੀ ਖ਼ੁਫੀਆ ਏਜੰਸੀ ਨੇ ਦਾਊਦ ਅਤੇ ਉਸ ਦੇ ਗੁਰਗਿਆਂ ਨੂੰ ਪਨਾਹ ਦੇਣ ਦੇ ਮਾਮਲੇ ਵਿਚ ਹਮੇਸ਼ਾ ਝੂਠ ਬੋਲਿਆ ਹੈ। ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੇ ਮਨੁੱਖੀ ਅਧਿਕਾਰ ਵਰਕਰ ਅਤੇ ਪੱਤਰਕਾਰ ਅਜਮਦ ਅਯੂਬ ਮਿਰਜ਼ਾ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਨਾਂ ਦਾਊਦ ਇਬਰਾਹਿਮ ਦਾ ਹੈ, ਜਿਸ ਨੂੰ 1993 ਵਿਚ ਮੁੰਬਈ 'ਚ ਹੋਏ ਲੜੀਵਾਰ ਧਮਾਕਿਆਂ ਦੇ ਮਾਸਟਰ ਮਾਈਂਡ ਵਜੋਂ ਜਾਣਿਆ ਜਾਂਦਾ ਹੈ। ਇਸ ਹਮਲੇ ਵਿਚ 250 ਤੋਂ ਵਧੇਰੇ ਲੋਕ ਮਾਰੇ ਗਏ ਅਤੇ 700 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। ਇਹ ਅੱਤਵਾਦੀ ਪਾਕਿਸਤਾਨ ਵਿਚ ਹੈ ਅਤੇ ਅਸੀਂ ਇਸ ਤੋਂ ਜਾਣੂ ਹਾਂ।

ਅਜਮਦ ਅਯੂਬ ਨੇ ਕਿਹਾ ਕਿ ਪਾਕਿਸਤਾਨ ਦੇ ਕਰਾਚੀ ਵਿਚ ਦਾਊਦ ਦੀ ਮੌਜੂਦਗੀ ਮੀਡੀਆ ਵਲੋਂ ਕਈ ਵਾਰ ਦੱਸੀ ਗਈ ਸੀ ਪਰ ਹੁਣ ਇਸ ਨੂੰ ਅਧਿਕਾਰਤ ਤੌਰ 'ਤੇ ਪਾਬੰਦੀਸ਼ੁਦਾ ਸੂਚੀ ਵਿਚ ਪਾਕਿਸਤਾਨ ਵਲੋਂ ਐਲਾਨ ਕੀਤਾ ਗਿਆ ਹੈ। ਭਾਰਤ ਨੂੰ ਪਾਕਿਸਤਾਨ ਵਿਚ ਆਪਣੀ ਹਾਜ਼ਰੀ ਬਾਰੇ ਸਵੀਕਾਰ ਕੀਤੇ ਜਾਣ ਤੋਂ ਬਾਅਦ ਦਾਊਦ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਉਸ ਨੂੰ ਹੋਰ ਲੋਕਾਂ ਨਾਲ ਭਾਰਤ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਕਾਨੂੰਨੀ ਰੂਪ ਨਾਲ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹਾਫਿਜ਼ ਸਈਦ ਨੂੰ ਵੀ ਭਾਰਤ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਭਾਰਤ ਵਿਚ ਅੱਤਵਾਦੀ ਘਟਨਾਵਾਂ 'ਚ ਸ਼ਾਮਲ ਹੈ। ਉਨ੍ਹਾਂ ਨੇ ਭਾਰਤ ਦੇ ਲੋਕਾਂ ਖ਼ਿਲਾਫ਼ ਗੰਭੀਰ ਅਪਰਾਧ ਕੀਤੇ ਹਨ। ਜੇਕਰ ਪਾਕਿਸਤਾਨ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਉਹ ਅੱਤਵਾਦ ਖ਼ਿਲਾਫ਼ ਲੜ ਰਿਹਾ ਹੈ ਤਾਂ ਇਨ੍ਹਾਂ ਖੂੰਖਾਰ ਅੱਤਵਾਦੀਆਂ ਨੂੰ ਭਾਰਤ ਨੂੰ ਸੌਂਪ ਦੇਵੇ।


Tanu

Content Editor Tanu