ਹੋਰ ਮਜ਼ਬੂਤ ਹੋਵੇਗਾ ਭਾਰਤ-ਜਾਪਾਨ ਦਾ ਰੱਖਿਆ ਸਹਿਯੋਗ ! ਟੋਕੀਓ ਪਹੁੰਚੇ ਰਾਜਨਾਥ ਸਿੰਘ ਤੇ ਐੱਸ. ਜੈਸ਼ੰਕਰ

Wednesday, Nov 18, 2026 - 02:47 PM (IST)

ਹੋਰ ਮਜ਼ਬੂਤ ਹੋਵੇਗਾ ਭਾਰਤ-ਜਾਪਾਨ ਦਾ ਰੱਖਿਆ ਸਹਿਯੋਗ ! ਟੋਕੀਓ ਪਹੁੰਚੇ ਰਾਜਨਾਥ ਸਿੰਘ ਤੇ ਐੱਸ. ਜੈਸ਼ੰਕਰ

ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਜਾਪਾਨ ਵਿਚਾਲੇ ਦੁਵੱਲੇ ਰੱਖਿਆ ਅਤੇ ਰਣਨੀਤਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਬੁੱਧਵਾਰ ਨੂੰ 2 ਦਿਨਾਂ ਦੌਰੇ 'ਤੇ ਟੋਕੀਓ ਪਹੁੰਚੇ ਹਨ। ਦੋਵੇਂ ਆਗੂ ਆਪਣੇ ਜਾਪਾਨੀ ਹਮਰੁਤਬਾ ਰੱਖਿਆ ਮੰਤਰੀ ਸ਼ਿੰਜੀਰੋ ਕੋਇਜ਼ੂਮੀ ਅਤੇ ਵਿਦੇਸ਼ ਮੰਤਰੀ ਤੋਸ਼ੀਮਿਤਸੂ ਮੋਤੇਗੀ ਨਾਲ ਚੌਥੀ ਭਾਰਤ-ਜਾਪਾਨ 2+2 ਮੰਤਰੀ ਪੱਧਰੀ ਗੱਲਬਾਤ ਦੀ ਪ੍ਰਧਾਨਗੀ ਕਰਨਗੇ।

ਵਿਦੇਸ਼ ਮੰਤਰਾਲੇ ਅਨੁਸਾਰ, ਇਸ ਗੱਲਬਾਤ ਦੌਰਾਨ ਦੋਵੇਂ ਦੇਸ਼ ਇੱਕ ਆਜ਼ਾਦ, ਖੁੱਲ੍ਹੇ ਅਤੇ ਨਿਯਮ-ਆਧਾਰਿਤ ਇੰਡੋ-ਪੈਸੀਫਿਕ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਣਗੇ। ਬੈਠਕ 'ਚ ਰੱਖਿਆ ਉਪਕਰਨਾਂ, ਤਕਨਾਲੋਜੀ ਦਾ ਲੈਣ-ਦੇਣ, ਸਮੁੰਦਰੀ ਸੁਰੱਖਿਆ, ਤਿੰਨਾਂ ਫ਼ੌਜਾਂ ਦੇ ਸਾਂਝੇ ਫ਼ੌਜੀ ਅਭਿਆਸਾਂ ਅਤੇ ਰੱਖਿਆ ਉਦਯੋਗਿਕ ਸਾਂਝੇਦਾਰੀ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਤੀਜੀ 2+2 ਵਾਰਤਾ 20 ਅਗਸਤ, 2024 ਨੂੰ ਨਵੀਂ ਦਿੱਲੀ 'ਚ ਹੋਈ ਸੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਜਾਪਾਨੀ ਹਮਰੁਤਬਾ ਸ਼ਿੰਜੀਰੋ ਕੋਇਜ਼ੂਮੀ ਨਾਲ ਵੱਖਰੀ ਦੁਵੱਲੀ ਬੈਠਕ ਕਰਨ ਦੇ ਨਾਲ-ਨਾਲ ਜਾਪਾਨ ਦੇ ਯੋਕੋਸੁਕਾ ਨੇਵੀ ਬੇਸ ਦਾ ਦੌਰਾ ਵੀ ਕਰਨਗੇ, ਜਿੱਥੇ ਉਹ 'ਮੋਗਾਮੀ-ਕਲਾਸ' ਜੰਗੀ ਬੇੜੇ ਦਾ ਨਿਰੀਖਣ ਕਰਨਗੇ। ਦੂਜੇ ਪਾਸੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਜਾਪਾਨੀ ਵਿਦੇਸ਼ ਮੰਤਰੀ ਨਾਲ 19ਵੀਂ ਰਣਨੀਤਕ ਵਾਰਤਾ ਕਰਨਗੇ ਅਤੇ 'ਰਾਇਸੀਨਾ ਟੋਕੀਓ' ਦੇ ਤੀਜੇ ਐਡੀਸ਼ਨ 'ਚ ਸ਼ਾਮਲ ਹੋਣਗੇ।

ਜ਼ਿਕਰਯੋਗ ਹੈ ਕਿ ਇਹ ਦੌਰਾ ਮੰਗਲਵਾਰ ਨੂੰ ਫਿਲੀਪੀਨਜ਼ ਦੇ ਮਨੀਲਾ 'ਚ ਹੋਈ QUAD ਆਗੂਆਂ ਦੇ ਸਿਖਰ ਸੰਮੇਲਨ ਤੋਂ ਠੀਕ ਅਗਲੇ ਦਿਨ ਹੋ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਹਵਾਈ ਫ਼ੌਜ ਵੱਲੋਂ 17 ਤੋਂ 19 ਨਵੰਬਰ ਤੱਕ ਗੁਜਰਾਤ ਦੇ ਜਾਮਨਗਰ ਏਅਰ ਫੋਰਸ ਸਟੇਸ਼ਨ ਵਿਖੇ ਡਿਜ਼ਾਜ਼ਸਟਰ ਰੈਸਕਿਊ ਐਕਸਰਸਾਈਜ਼ 'ਸਹਾਇਤਾ ਸੇਤੂ' ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ, ਜਿਸ 'ਚ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਬਤੌਰ ਨਿਗਰਾਨ ਹਿੱਸਾ ਲੈ ਰਹੇ ਹਨ।


author

Harpreet SIngh

Content Editor

Related News