ਹੁਣ ਅਮਰੀਕਾ ਨਹੀਂ, ਏਸ਼ੀਆ ਤੈਅ ਕਰੇਗਾ ਗਲੋਬਲ ਇਕਾਨਮੀ ਦੀ ਦਿਸ਼ਾ ! ਭਾਰਤ-ਚੀਨ ਕਰਨਗੇ ਨਵੀਂ ਸ਼ੁਰੂਆਤ
Saturday, Jan 24, 2026 - 09:23 AM (IST)
ਨਵੀਂ ਦਿੱਲੀ- ਪਿਛਲੇ ਇਕ ਸਾਲ ’ਚ ਭਾਰਤ ਅਤੇ ਚੀਨ ਦੇ ਰਿਸ਼ਤਿਆਂ ਵਿਚ ਆਈ ਹਲਕੀ ਨਰਮੀ ਨੂੰ ਕਈ ਲੋਕ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਹਮਲਾਵਰ ਵਪਾਰਕ ਨੀਤੀਆਂ ਅਤੇ ਟੈਰਿਫ ਫੈਸਲਿਆਂ ਨਾਲ ਜੋੜ ਕੇ ਦੇਖ ਰਹੇ ਹਨ ਪਰ 2026 ’ਚ ਪ੍ਰਵੇਸ਼ ਕਰਦੇ ਹੋਏ ਇਹ ਸਾਫ ਹੁੰਦਾ ਜਾ ਰਿਹਾ ਹੈ ਕਿ ਭਾਰਤ-ਚੀਨ ਸਬੰਧਾਂ ਦੀ ਦਿਸ਼ਾ ਵਾਸ਼ਿੰਗਟਨ ਨਹੀਂ, ਸਗੋਂ ਏਸ਼ੀਆ ਦੀ ਜ਼ਮੀਨੀ ਹਕੀਕਤ ਤੈਅ ਕਰੇਗੀ।
ਹੱਥ ਮਿਲਾਉਣਾ ਆਸਾਨ, ਭਰੋਸਾ ਹੁਣ ਵੀ ਮੁਸ਼ਕਲ
ਪਿਛਲੇ ਸਾਲ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਗਰਮਜੋਸ਼ੀ ਭਰੀ ਮੁਲਾਕਾਤ ਜ਼ਰੂਰ ਹੋਈ ਪਰ ਇਸ ਨਾਲ ਰਿਸ਼ਤਿਆਂ ’ਚ ਬੁਨਿਆਦੀ ਬਦਲਾਅ ਦੀ ਉਮੀਦ ਘੱਟ ਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਖੇਤਰੀ ਅਤੇ ਸੁਰੱਖਿਆ ਵਿਵਾਦ ਹੁਣ ਵੀ ਰਿਸ਼ਤਿਆਂ ਦੀਆਂ ਹੱਦਾਂ ਤੈਅ ਕਰ ਰਹੇ ਹਨ।
ਪਾਕਿਸਤਾਨ ’ਚ ਚੀਨ ਦਾ ਵਧਦਾ ਦਾਅ
ਸੀ.ਪੀ.ਈ.ਸੀ. ਦੇ ਦੂਜੇ ਪੜਾਅ ’ਚ ਚੀਨ ਨੇ ਪਾਕਿਸਤਾਨ ’ਚ ਨਿਵੇਸ਼ ਹੋਰ ਤੇਜ਼ ਕਰ ਦਿੱਤਾ ਹੈ। ਸਪੈਸ਼ਲ ਇਕਨਾਮਿਕ ਜ਼ੋਨ (ਐੱਸ.ਈ.ਜ਼ੈੱਡ.) ਦੀ ਗਿਣਤੀ 7 ਤੋਂ ਵਧ ਕੇ 44 ਹੋ ਗਈ ਹੈ। ਪਹਿਲੇ ਪੜਾਅ ਵਿਚ ਦੇਰੀ, ਸੁਰੱਖਿਆ ਖ਼ਤਰੇ ਅਤੇ ਪ੍ਰਸ਼ਾਸਨਿਕ ਰੁਕਾਵਟਾਂ ਦੇ ਬਾਵਜੂਦ ਚੀਨ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਰਗੇ ਰਣਨੀਤਕ ਭਾਈਵਾਲ ਦੇ ਮਾਮਲੇ ’ਚ ਚੀਨ ਜੋਖਮ ਉਠਾਉਣ ਨੂੰ ਤਿਆਰ ਨਜ਼ਰ ਆਉਂਦਾ ਹੈ।
ਸੁਰੱਖਿਆ ’ਤੇ ਚੌਕਸ, ਅਰਥਵਿਵਸਥਾ ’ਚ ਨਰਮੀ
ਭਾਰਤ ਨੇ ਚੀਨ ਨਾਲ ਰਿਸ਼ਤੇ ਆਮ ਵਾਂਗ ਕਰਨ ਦੀ ਕੋਸ਼ਿਸ਼ ਤਾਂ ਕੀਤੀ ਹੈ ਪਰ ਖਾਸ ਤੌਰ ’ਤੇ ਸੁਰੱਖਿਆ ਮਾਮਲਿਆਂ ’ਚ ਚੌਕਸੀ ਬਣਾਈ ਰੱਖੀ ਹੈ। ਆਰਥਿਕ ਸਹਿਯੋਗ ਵਰਗੇ ਘੱਟ ਸੰਵੇਦਨਸ਼ੀਲ ਖੇਤਰਾਂ ਵਿਚ ਸੰਵਾਦ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਰਣਨੀਤਕ ਮੋਰਚੇ ’ਤੇ ਨਵੀਂ ਦਿੱਲੀ ਦਾ ਰੁਖ ਹੁਣ ਵੀ ਸਖ਼ਤ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਨਾਲ ਰਿਸ਼ਤਿਆਂ ’ਚ ਆਈ ਤਲਖੀ ਨੇ ਭਾਵੇਂ ਸੰਵਾਦ ਨੂੰ ਗਤੀ ਦਿੱਤੀ ਹੋਵੇ ਪਰ ਇਹ ਲੰਬੇ ਸਮੇਂ ਤੱਕ ਸਥਿਰਤਾ ਦੀ ਗਾਰੰਟੀ ਨਹੀਂ ਹੈ।
ਇਹ ਵੀ ਪੜ੍ਹੋ- 5,000 ਲੋਕਾਂ ਦੀ ਮੌਤ ਤੇ 26,000 ਗ੍ਰਿਫ਼ਤਾਰ ! ਈਰਾਨ ਨੂੰ ਲੈ ਕੇ ਟਰੰਪ ਨੇ ਕੀਤਾ ਵੱਡਾ ਦਾਅਵਾ
ਸ਼ਕਸਗਾਮ ਅਤੇ ਸੀ.ਪੀ.ਈ.ਸੀ. ਬਣਿਆ ਨਵੀਂ ਟਕਰਾਅ ਦੀ ਵਜ੍ਹਾ
ਭਾਰਤ-ਚੀਨ ਤਣਾਅ ਦੀ ਤਾਜ਼ਾ ਵਜ੍ਹਾ ਬਣੀ ਹੈ ਵਿਵਾਦਤ ਸ਼ਕਸਗਾਮ ਘਾਟੀ ’ਚ ਚੀਨ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ। ਭਾਰਤ ਨੇ ਚੀਨ-ਪਾਕਿਸਤਾਨ ਆਰਥਿਕ ਲਾਂਘੇ (ਸੀ.ਪੀ.ਈ.ਸੀ.) ਦੇ ਤਹਿਤ ਹੋ ਰਹੇ ਨਿਰਮਾਣ ਕਾਰਜਾਂ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਚੀਨ ਨੇ ਨਾ ਸਿਰਫ਼ ਇਨ੍ਹਾਂ ਪ੍ਰਾਜੈਕਟਾਂ ਦਾ ਬਚਾਅ ਕੀਤਾ, ਸਗੋਂ ਵਿਵਾਦਤ ਇਲਾਕਿਆਂ ’ਤੇ ਆਪਣੇ ਦਾਅਵੇ ਵੀ ਦੁਹਰਾਏ ਹਨ।
ਦੋਵਾਂ ਦੇਸ਼ਾਂ ’ਚ ਸੰਵਾਦ ਵੀ, ਟਕਰਾਅ ਵੀ
ਦਿਲਚਸਪ ਗੱਲ ਇਹ ਹੈ ਕਿ ਇਕ ਪਾਸੇ ਭਾਰਤ ਸੀ.ਪੀ.ਈ.ਸੀ. ਦਾ ਵਿਰੋਧ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਚੀਨੀ ਕਮਿਊਨਿਸਟ ਪਾਰਟੀ ਦਾ ਵਫਦ ਭਾਰਤ ਦੀ ਸੱਤਾਧਾਰੀ ਭਾਜਪਾ ਅਤੇ ਮੁੱਖ ਵਿਰੋਧੀ ਪਾਰਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਦਾ ਹੈ। ਇਸ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਦੋਵੇਂ ਦੇਸ਼ ਸਹਿਯੋਗ ਦੇ ਰਸਤੇ ਲੱਭ ਰਹੇ ਹਨ ਪਰ ਆਪਣੇ-ਆਪਣੇ ਖੇਤਰੀ ਦਾਅਵਿਆਂ ’ਤੇ ਸਮਝੌਤਾ ਕਰਨ ਦੇ ਮੂਡ ’ਚ ਨਹੀਂ ਹਨ।
ਇਕਾਨਮੀ ਅਲੱਗ, ਸੁਰੱਖਿਆ ਅਲੱਗ’ ਦੀ ਨੀਤੀ
ਭਾਰਤ ਅਤੇ ਚੀਨ ਹੁਣ ਰਿਸ਼ਤਿਆਂ ’ਚ ਇਕ ਨਵੀਂ ਰਣਨੀਤੀ ਅਪਣਾਉਂਦੇ ਦਿਖ ਰਹੇ ਹਨ। ਇਸ ਵਿਚ ਆਰਥਿਕ ਹਿੱਤਾਂ ਨੂੰ ਰਾਸ਼ਟਰੀ ਅਤੇ ਸੁਰੱਖਿਆ ਹਿੱਤਾਂ ਤੋਂ ਅਲੱਗ ਰੱਖਣਾ ਸ਼ਾਮਲ ਹੈ। ਮਾਹਿਰਾਂ ਮੁਤਾਬਕ ਇਹ ‘ਲੋਐਸਟ ਕਾਮਨ ਡਿਨੋਮੀਨੇਟਰ’ ਫਾਰਮੂਲਾ ਦੋਵਾਂ ਦੇਸ਼ਾਂ ਨੂੰ ਸੀਮਤ ਸਥਿਰਤਾ ਦੇ ਸਕਦਾ ਹੈ, ਭਾਵੇਂ ਇਸ ਨਾਲ ਸਰਹੱਦੀ ਵਿਵਾਦ ਜਾਂ ਸੁਰੱਖਿਆ ਤਣਾਅ ਖਤਮ ਨਾ ਹੋਣ।
2026 ’ਚ ਕਿਉਂ ਜ਼ਰੂਰੀ ਹੈ ਸਥਿਰਤਾ ?
ਬੀਜਿੰਗ ਅਤੇ ਨਵੀਂ ਦਿੱਲੀ ਦੋਵਾਂ ਲਈ 2026 ’ਚ ਸਥਿਰ ਮਾਹੌਲ ਫਾਇਦੇਮੰਦ ਹੈ, ਖਾਸ ਕਰ ਕੇ ਅਜਿਹੇ ਸਮੇਂ ’ਚ ਜਦੋਂ ਅਮਰੀਕਾ ਦੀ ਨੀਤੀ ਅਨਿਸ਼ਚਿਤ ਬਣੀ ਹੋਈ ਹੈ। ਚੀਨ ਆਪਣੀ 15ਵੀਂ 5 ਸਾਲਾ ਯੋਜਨਾ ਦੇ ਟੀਚਿਆਂ ਅਤੇ ਘਰੇਲੂ ਸੁਧਾਰਾਂ ’ਤੇ ਫੋਕਸ ਕਰਨਾ ਚਾਹੁੰਦਾ ਹੈ, ਜਦਕਿ ਭਾਰਤ ਖੇਤਰੀ ਸੰਤੁਲਨ ਸਾਧਣ ’ਚ ਜੁਟਿਆ ਹੋਇਆ ਹੈ। ਜਾਣਕਾਰ ਕਹਿੰਦੇ ਹਨ ਕਿ ਭਾਵੇਂ ਭਾਰਤ ਅਤੇ ਚੀਨ ਵਾਸ਼ਿੰਗਟਨ ਅਤੇ ਯੂਰਪ ਦੀਆਂ ਗਤੀਵਿਧੀਆਂ, ਗ੍ਰੀਨਲੈਂਡ ਤੋਂ ਲੈ ਕੇ ਨਾਟੋ ਤੱਕ ’ਤੇ ਨਜ਼ਰ ਰੱਖ ਰਹੇ ਹਨ, ਪਰ ਦੋਵਾਂ ਦੇਸ਼ਾਂ ਦੇ ਰਿਸ਼ਤੇ ਮੁੱਖ ਤੌਰ ’ਤੇ ਖੇਤਰੀ ਹਾਲਾਤ ਤੋਂ ਹੀ ਤੈਅ ਹੋਣਗੇ। ਕੂਟਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਭਾਰਤ-ਚੀਨ ਸਬੰਧਾਂ ’ਚ ਵੱਡੇ ਬ੍ਰੇਕਥਰੂ ਦੀ ਬਜਾਏ ਸੀਮਤ ਅਤੇ ਵਿਵਹਾਰਕ ਸਹਿਮਤੀ ਦੇਖਣ ਨੂੰ ਮਿਲੇਗੀ।
ਇਹ ਵੀ ਪੜ੍ਹੋ- ਦੁਨੀਆ ਦਾ ਸਭ ਤੋਂ ਵੱਡਾ ਪ੍ਰਮਾਣੂ ਪਲਾਂਟ ਮੁੜ ਹੋਇਆ ਸ਼ੁਰੂ ! ਚੱਲਣ ਦੇ ਕੁਝ ਘੰਟਿਆਂ ਮਗਰੋਂ ਹੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
