ਘਰੇਲੂ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ POK ''ਤੇ ਕਾਰਵਾਈ ਕਰ ਸਕਦੈ ਭਾਰਤ: ਇਮਰਾਨ ਖਾਨ
Friday, Dec 27, 2019 - 03:00 AM (IST)

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਆਪਣੇ ਘਰੇਲੂ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਪਾਕਿ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) 'ਤੇ ਕਾਰਵਾਈ ਕਰ ਸਕਦਾ ਹੈ। ਉਨ੍ਹਾਂ ਨਾਲ ਹੀ ਆਖਿਆ ਹੈ ਕਿ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਭਾਰਤ ਪੀ. ਓ. ਕੇ. 'ਤੇ ਹਮਲਾ ਕਰਦਾ ਹੈ ਤਾਂ ਪਾਕਿ ਫੌਜ ਭਾਰਤ ਨਾਲ ਮੁਕਾਬਲੇ ਲਈ ਤਿਆਰ ਹੈ।
ਦਰਅਸਲ, ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਹਟਾਉਣ ਅਤੇ ਉਸ ਨੂੰ 2 ਕੇਂਦਰ ਸ਼ਾਸਿਤ ਸੂਬਿਆਂ 'ਚ ਵੰਡ ਦੇਣ ਦੇ ਫੈਸਲੇ ਤੋਂ ਹੀ ਪਾਕਿ ਸਹਿਮਿਆ ਹੋਇਆ ਹੈ ਅਤੇ ਉਸ ਨੂੰ ਇਹ ਡਰ ਹੈ ਕਿ ਭਾਰਤ ਪੀ. ਓ. ਕੇ. ਨੂੰ ਲੈ ਕੇ ਵੀ ਕਾਰਵਾਈ ਕਰ ਸਕਦਾ ਹੈ। ਇਮਰਾਨ ਪੰਜਾਬ ਸੂਬਾ ਸਥਿਤ ਪਿੰਡ ਦਾਦਨਖਾਨ 'ਚ ਆਪਣੀ ਪਾਰਟੀ ਤਹਰੀਕ-ਏ-ਇਨਸਾਫ ਪਾਕਿਸਤਾਨ ਦੀ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿਸ 'ਚ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਦੇ ਹੋਏ ਬਿਆਨ ਦੇ ਰਹੇ ਸਨ। ਉਨ੍ਹਾਂ ਦੇ ਭਾਸ਼ਣ ਤੋਂ ਸਾਫ ਸੀ ਕਿ ਉਨ੍ਹਾਂ ਨੂੰ ਡਰ ਹੈ ਕਿ ਭਾਰਤ ਹੁਣ ਕਿਸੇ ਵੀ ਹਾਲਤ 'ਚ ਚੁੱਪ ਨਹੀਂ ਰਹੇਗਾ ਅਤੇ ਪਾਕਿ ਨੂੰ ਸਬਕ ਸਿਖਾਉਣ ਦਾ ਮੌਕਾ ਨਹੀਂ ਛੱਡੇਗਾ।
ਇਮਰਾਨ ਨੇ ਆਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲੈ ਕੇ ਭਾਰਤ 'ਚ ਹੋ ਰਹੇ ਵਿਰੋਧ ਪ੍ਰਦਰਸ਼ਨ ਤੋਂ ਦੁਨੀਆ ਦਾ ਧਿਆਨ ਭਟਕਾਉਣ ਲਈ ਪੀ. ਓ. ਕੇ. 'ਤੇ ਕਾਰਵਾਈ ਕਰਨਗੇ। ਇੰਨਾ ਹੀ ਨਹੀ ਮੈਂ ਇਹੀ ਗੱਲ ਜਨਰਲ ਬਾਜਵਾ ਨੂੰ ਕਹੀ ਤਾਂ ਉਨ੍ਹਾਂ ਕਿਹਾ ਕਿ ਪਾਕਿ ਫੌਜ ਭਾਰਤ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹੈ। ਪਾਕਿ ਪ੍ਰਧਾਨ ਮੰਤਰੀ ਦੀ ਭਾਰਤ ਨੂੰ ਲੈ ਕੇ ਭਵਿੱਖਬਾਣੀ ਇੰਨਾ ਹੀ ਨਹੀਂ ਉਨ੍ਹਾਂ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਭੜਕਾਊ ਬਿਆਨਬਾਜ਼ੀ ਕਰਦਿਆਂ ਉਨ੍ਹਾਂ ਦੀ ਤੁਲਨਾ ਹਿਟਲਰ ਨਾਲ ਕੀਤੀ। ਪਾਕਿ ਪ੍ਰਧਾਨ ਮੰਤਰੀ ਨੇ ਆਖਿਆ ਕਿ ਮੈ ਭਵਿੱਖਬਾਣੀ ਕਰਦਾ ਹਾਂ ਕਿ ਭਾਰਤ 'ਚ ਲੋਕ ਮੋਦੀ ਵਿਰੁੱਧ ਉਠ ਖੜ੍ਹੇ ਹੋਣਗੇ। ਇਨ੍ਹਾਂ ਲੋਕਾਂ 'ਚ ਕੇਵਲ ਮੁਸਲਿਮ ਨਹੀਂ ਸਗੋਂ ਹਿੰਦੂ, ਸਿੱਖ ਅਤੇ ਈਸਾਈ ਵੀ ਸ਼ਾਮਲ ਹੋਣਗੇ।