ਤਾਮਿਲਨਾਡੂ ’ਚ ਤਮਿਲ ਮਨੀਲਾ ਕਾਂਗਰਸ ਨੇ ਭਾਜਪਾ ਨਾਲ ਕੀਤਾ ਗੱਠਜੋੜ
Tuesday, Feb 27, 2024 - 11:54 AM (IST)
ਚੇਨਈ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦ੍ਰਵਿੜ ਮੁਨੇਤਰ ਕਸ਼ਗਮ (ਡੀ. ਐੱਮ. ਕੇ.) ਅਤੇ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕਸ਼ਗਮ (ਏ. ਆਈ. ਏ. ਡੀ. ਐੱਮ. ਕੇ.) ਤੋਂ ਬਿਨਾਂ ਤਾਮਿਲਨਾਡੂ ਵਿਚ ਗੱਠਜੋੜ ਕਰਨ ਦੀ ਆਪਣੀ ਕੋਸ਼ਿਸ਼ ਤਹਿਤ ਸੋਮਵਾਰ ਨੂੰ ਜੀ ਵਾਸਨ ਦੀ ਅਗਵਾਈ ਵਾਲੀ ਤਮਿਲ ਮਨੀਲਾ ਕਾਂਗਰਸ (ਟੀ. ਐੱਮ. ਸੀ.) ਨਾਲ ਹੱਥ ਮਿਲਿਆ। ਭਾਜਪਾ ਨਾਲ ਗੱਠਜੋੜ ਕਰਨ ਵਾਲੀ ਖੇਤਰੀ ਪਾਰਟੀ ਤਮਿਲ ਮਨੀਲਾ ਕਾਂਗਰਸ ਨੇ ਸੂਬੇ ’ਚ ਕਈ ਹੋਰ ਪਾਰਟੀਆਂ ਦੇ ਵੀ ਕੌਮੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਵਿਚ ਸ਼ਾਮਲ ਹੋਣ ਦੀ ਉਮੀਦ ਪ੍ਰਗਟਾਈ ਹੈ।
ਭਾਜਪਾ ਦੀ ਸੂਬਾ ਇਕਾਈ ਨੇ ਵਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਗੱਠਜੋੜ ਨੂੰ ਸੇਧ ਦੇਣ ਲਈ ਉਨ੍ਹਾਂ ਦੀ ਸਲਾਹ ਲਈ ਜਾਵੇਗੀ। ਮਰਹੂਮ ਨੇਤਾ ਜੀ. ਕੇ. ਮੂਪਨਾਰ ਨੇ ਚੋਣਾਂ ਲਈ ਏ. ਆਈ. ਏ. ਡੀ. ਐੱਮ. ਕੇ. ਨਾਲ ਗੱਠਜੋੜ ਕਰਨ ਦੇ ਫੈਸਲੇ ਦੇ ਵਿਰੋਧ ਵਿਚ ਕਾਂਗਰਸ ਛੱਡ ਦਿੱਤੀ ਸੀ ਅਤੇ 1996 ਵਿਚ ਟੀ. ਐੱਮ. ਸੀ. ਦੀ ਸਥਾਪਨਾ ਕੀਤੀ ਸੀ। ਇਹ 2002 ’ਚ ਕਾਂਗਰਸ ਵਿਚ ਰਲੇਵਾਂ ਹੋ ਗਿਆ ਪਰ ਵਾਸਨ ਨੇ 2014 ਵਿਚ ਕਾਂਗਰਸ ਨਾਲੋਂ ਨਾਤਾ ਤੋੜ ਲਿਆ ਅਤੇ ਟੀ. ਐੱਮ. ਸੀ. ਨੂੰ ਨਵੇਂ ਸਿਰੇ ਤੋਂ ਖੜ੍ਹਾ ਕੀਤਾ।