ਅਸਥੀਆਂ ਵਿਸਰਜਨ ਲਈ ਜਾ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, ਭੂਆ-ਭਤੀਜੇ ਦੀ ਮੌਤ

Monday, Feb 24, 2025 - 11:58 AM (IST)

ਅਸਥੀਆਂ ਵਿਸਰਜਨ ਲਈ ਜਾ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, ਭੂਆ-ਭਤੀਜੇ ਦੀ ਮੌਤ

ਜੀਂਦ- ਜੀਂਦ ਵਿਚ ਨੈਸ਼ਨਲ ਹਾਈਵੇਅ 152-ਡੀ 'ਤੇ ਕਾਰ ਪਿਕਅੱਪ ਨਾਲ ਟਕਰਾ ਗਈ। ਇਸ ਵਿਚ ਕਾਰ ਸਵਾਰ 5 ਲੋਕਾਂ ਵਿਚੋਂ ਇਕ ਬਜ਼ੁਰਗ ਔਰਤ ਅਤੇ ਉਸ ਦੇ ਭਤੀਜੇ ਦੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜਿਸ ਵਿਚੋਂ ਇਕ ਔਰਤ ਨੂੰ ਰੋਹਤਕ ਪੀ. ਜੀ. ਆਈ. ਰੈਫਰ ਕੀਤਾ ਗਿਆ। 

ਜਾਣਕਾਰੀ ਮੁਤਾਬਕ ਰਾਜਸਥਾਨ ਦੇ ਪਿੰਡ ਮਕਰਾਨਾ ਦੇ ਰਹਿਣ ਵਾਲੇ ਰਾਮਕਿਸ਼ੋਰ ਦੇ ਪਿਤਾ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਰਾਮਕਿਸ਼ੋਰ ਆਪਣੀ ਪਤਨੀ ਰੁਚੀ (36), ਪੁੱਤਰ ਸ਼ਿਵਾਂਸ਼ (7), ਭੂਆ ਵਿਦਿਆ ਦੇਵੀ (48) ਅਤੇ ਅੰਜੂ ਨਾਲ ਆਪਣੇ ਪਿਤਾ ਦੀਆਂ ਅਸਥੀਆਂ ਦੇ ਵਿਸਰਜਨ ਲਈ ਹਰਿਦੁਆਰ ਲਈ ਰਵਾਨਾ ਹੋਇਆ ਸੀ। ਰਾਤ ਕਰੀਬ 10 ਵਜੇ ਘਰੋਂ ਚੱਲਣ ਮਗਰੋਂ ਨਾਰਨੌਲ ਨੇੜੇ ਰਾਮਕਿਸ਼ੋਰ ਨੈਸ਼ਨਲ ਹਾਈਵੇਅ 152-ਡੀ 'ਤੇ ਚੜ੍ਹਿਆ।

ਜੀਂਦ ਸਰਹੱਦ ਦੇ ਜਾਮਨੀ ਨੇੜੇ ਹਾਈਵੇਅ 'ਤੇ ਟਾਇਰ ਪੰਕਚਰ ਹੋਣ ਕਾਰਨ ਖੜ੍ਹੀ ਪਿਕਅੱਪ ਗੱਡੀ ਵਿਚ ਉਨ੍ਹਾਂ ਦੀ ਕਾਰ ਜਾ ਵੱਜੀ। ਇਸ ਵਿਚ ਸਾਰੇ 5 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਾਈਵੇਅ ਐਂਬੂਲੈਂਸ ਨੇ ਜ਼ਖਮੀਆਂ ਨੂੰ ਜੀਂਦ ਸਿਵਲ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਰਾਮ ਕਿਸ਼ੋਰ ਅਤੇ ਉਸ ਦੀ ਭੂਆ ਅੰਜੂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਵਿਦਿਆ ਨੂੰ ਪੀ. ਜੀ. ਆਈ ਰੋਹਤਕ ਰੈਫਰ ਕਰ ਦਿੱਤਾ ਗਿਆ। ਰੁਚੀ ਅਤੇ ਸ਼ਿਵਾਂਸ਼ ਨੂੰ ਵੀ ਸੱਟਾਂ ਲੱਗੀਆਂ ਹਨ। ਜ਼ਖਮੀ ਰੁਚੀ ਨੇ ਦੱਸਿਆ ਕਿ ਉਸ ਦੇ ਸਹੁਰੇ ਦੀ ਮੌਤ ਹੋ ਗਈ ਸੀ, ਇਸ ਲਈ ਉਹ ਅਸਥੀਆਂ ਵਿਸਰਜਨ ਲਈ ਜਾ ਰਹੇ ਸਨ ਤਾਂ ਰਾਹ ਵਿਚ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਜੀਂਦ ਦੇ ਸਿਵਲ ਹਸਪਤਾਲ ਸਥਿਤ ਪੋਸਟਮਾਰਟਮ ਹਾਊਸ ਵਿਚ ਰਖਵਾਇਆ ਗਿਆ ਹੈ।


author

Tanu

Content Editor

Related News