ਕੜਾਕੇ ਦੀ ਠੰਡ ਲਈ ਹੋ ਜਾਓ ਤਿਆਰ, IMD ਵਲੋਂ ਮੀਂਹ ਦਾ ਅਲਰਟ
Sunday, Feb 02, 2025 - 10:38 AM (IST)
ਨੈਸ਼ਨਲ ਡੈਸਕ- ਦੇਸ਼ ਭਰ 'ਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਦਿੱਲੀ-NCR 'ਚ ਸਵੇਰੇ ਅਤੇ ਸ਼ਾਮ ਨੂੰ ਧੁੰਦ ਵਧਣੀ ਸ਼ੁਰੂ ਹੋ ਗਈ ਹੈ, ਜਦੋਂ ਕਿ ਕਈ ਸੂਬਿਆਂ 'ਚ ਸੰਘਣੀ ਧੁੰਦ ਅਜੇ ਵੀ ਮੌਜੂਦ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਭਵਿੱਖਬਾਣੀ ਕੀਤੀ ਹੈ ਕਿ 3 ਫਰਵਰੀ ਤੋਂ ਇਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਜਾਵੇਗਾ, ਜਿਸ ਕਾਰਨ ਦੇਸ਼ ਭਰ ਦੇ 20 ਸੂਬਿਆਂ 'ਚ ਮੀਂਹ ਅਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
IMD ਮੁਤਾਬਕ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੁਝ ਖੇਤਰਾਂ ਵਿਚ ਮੀਂਹ ਦੇ ਨਾਲ ਬਰਫਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਉੱਤਰ-ਪੱਛਮੀ ਸੂਬਿਆਂ 'ਚ 7 ਫਰਵਰੀ ਤੱਕ ਤਾਪਮਾਨ ਵਿਚ 2 ਤੋਂ 3 ਡਿਗਰੀ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਦਿਨ ਵੇਲੇ ਹਲਕੀ ਗਰਮੀ ਮਹਿਸੂਸ ਹੋਵੇਗੀ ਪਰ ਸਵੇਰੇ ਅਤੇ ਸ਼ਾਮ ਨੂੰ ਠੰਢਕ ਬਣੀ ਰਹੇਗੀ। 3 ਅਤੇ 4 ਫਰਵਰੀ ਨੂੰ ਦਿੱਲੀ-NCR ਵਿਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਅਸਮਾਨ ਵਿਚ ਬੱਦਲ ਛਾਏ ਰਹਿਣਗੇ। ਆਓ ਜਾਣਦੇ ਹਾਂ ਕਿ ਅਗਲੇ 5 ਦਿਨਾਂ ਤੱਕ ਦੇਸ਼ ਭਰ ਵਿੱਚ ਮੌਸਮ ਕਿਵੇਂ ਰਹੇਗਾ।
ਕਿਹੜੇ-ਕਿਹੜੇ ਸੂਬਿਆਂ 'ਚ ਹੋਵੇਗੀ ਧੁੰਦ?
ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਕਈ ਸੂਬਿਆਂ 'ਚ ਸਵੇਰ ਅਤੇ ਸ਼ਾਮ ਨੂੰ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ। IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਧੁੰਦ ਦਾ ਅਲਰਟ-
ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼
ਗੰਗਾ ਪੱਛਮੀ ਬੰਗਾਲ, ਬਿਹਾਰ, ਓਡੀਸ਼ਾ
ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ
ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ
ਦਿੱਲੀ-NCR 'ਚ ਵੀ ਹਲਕੀ ਧੁੰਦ ਕਾਰਨ ਸਵੇਰੇ ਅਤੇ ਸ਼ਾਮ ਨੂੰ ਠੰਢਕ ਮਹਿਸੂਸ ਹੋਵੇਗੀ, ਜਦੋਂ ਕਿ ਦਿਨ ਵੇਲੇ ਧੁੱਪ ਨਿਕਲਣ ਕਾਰਨ ਮੌਸਮ ਥੋੜ੍ਹਾ ਗਰਮ ਰਹੇਗਾ।
ਕਿੱਥੇ-ਕਿੱਥੇ ਮੀਂਹ ਦਾ ਅਲਰਟ
ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਹਲਕੇ ਤੋਂ ਦਰਮਿਆਨਾ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ।
3 ਤੋਂ 5 ਫਰਵਰੀ ਦਰਮਿਆਨ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ 'ਚ ਮੀਂਹ ਦੀ ਸੰਭਾਵਨਾ ਹੈ।
3 ਅਤੇ 4 ਫਰਵਰੀ ਨੂੰ ਹਰਿਆਣਾ ਅਤੇ ਚੰਡੀਗੜ੍ਹ ਵਿਚ ਮੀਂਹ ਪੈ ਸਕਦਾ ਹੈ।
ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ 3 ਤੋਂ 5 ਫਰਵਰੀ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ।
ਲਕਸ਼ਦੀਪ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।