ਆਈ. ਆਈ. ਟੀ. ਮਦਰਾਸ ਨੇ ਸ਼ੂਗਰ ਦੇ ਮਰੀਜ਼ਾਂ ਲਈ ਸਸਤਾ ਯੰਤਰ ਬਣਾਇਆ
Thursday, Nov 06, 2025 - 11:00 PM (IST)
ਚੇਨਈ, (ਯੂ. ਐੱਨ. ਆਈ.)- ਭਾਰਤੀ ਤਕਨੀਕੀ ਸੰਸਥਾਨ, ਮਦਰਾਸ (ਆਈ. ਆਈ. ਟੀ.-ਐੱਮ.) ਦੇ ਖੋਜੀਆਂ ਨੇ ਸ਼ੂਗਰ ਦੇ ਮਰੀਜ਼ਾਂ ਦੇ ਬਲੱਡ ਸ਼ੂਗਰ ਦੀ ਜਾਂਚ ਲਈ ਇਕ ਸਸਤਾ ਅਤੇ ਵਰਤੋਂ ’ਚ ਆਸਾਨ ਯੰਤਰ ਵਿਕਸਤ ਕੀਤਾ ਹੈ ਅਤੇ ਉਸ ਦਾ ਪੇਟੈਂਟ ਕਰਾਇਆ ਹੈ। ਖੋਜੀਆਂ ਨੇ ਇਸ ਯੰਤਰ ਨੂੰ ਪੂਰੀ ਤਰ੍ਹਾਂ ਨਵੇਂ ਸਿਰਿਓਂ ਡਿਜ਼ਾਈਨ ਕੀਤਾ ਹੈ, ਜਿਸ ਨਾਲ ਮਰੀਜ਼ਾਂ ਦੇ ਬਲੱਡ ਸ਼ੂਗਰ ਦੀ ਜਾਂਚ ਬਿਨਾਂ ਦਰਦ ਦੇ ਹੋ ਜਾਂਦੀ ਹੈ। ਇਹ ਪੇਟੈਂਟ ਯੰਤਰ ਮਰੀਜ਼ਾਂ ਨੂੰ ਦਿਨ ’ਚ ਕਈ ਵਾਰ ਉਂਗਲਾਂ ਵਿੰਨ੍ਹੇ ਜਾਣ ਦੀ ਪ੍ਰੇਸ਼ਾਨੀ ਤੋਂ ਬਚਾਉਂਦਾ ਹੈ। ਘਰੇਲੂ ਪੱਧਰ ’ਤੇ ਵਿਕਸਤ ਯੰਤਰ ਮੈਡੀਕਲ ਤਕਨਾਲੋਜੀ ’ਚ ਆਤਮਨਿਰਭਰਤਾ ਨੂੰ ਮਜ਼ਬੂਤ ਕਰਦਾ ਹੈ ਅਤੇ ਦਰਾਮਦੀ ਯੰਤਰਾਂ ’ਤੇ ਨਿਰਭਰਤਾ ਨੂੰ ਘੱਟ ਕਰਦਾ ਹੈ।
ਇਹ ਸਥਾਨਕ ਪੱਧਰ ’ਤੇ ਵਿਨਿਰਮਾਣ ਨੂੰ ਉਤਸ਼ਾਹਿਤ ਕਰਦੇ ਹੋਏ ਰੋਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ। ਸਾਲ 2023 ’ਚ ਪ੍ਰਕਾਸ਼ਿਤ ਭਾਰਤੀ ਮੈਡੀਕਲ ਖੋਜ ਕੌਂਸਲ ਦੇ ਅਧਿਐਨ ਅਨੁਸਾਰ ਭਾਰਤ ’ਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ 10 ਕਰੋਡ਼ 1 ਲੱਖ ਹੈ। ਸ਼ੂਗਰ ਜਾਂਚ ਦੀ ਸਭ ਤੋਂ ਪ੍ਰਚਲਿਤ ਵਿਧੀ ’ਚ ਦਿਨ ’ਚ ਕਈ ਵਾਰ ਉਂਗਲ ’ਚ ਪਿੰਨ ਮਾਰ ਕੇ ਖੂਨ ਦਾ ਨਮੂਨਾ ਲੈਣਾ ਪੈਂਦਾ ਹੈ। ਇਹ ਅਸਰਦਾਇਕ ਤਾਂ ਹੈ ਪਰ ਦੁਖਦਾਈ ਵੀ ਹੈ। ਆਈ. ਆਈ. ਟੀ.-ਐੱਮ. ਦੇ ਵੀਰਵਾਰ ਨੂੰ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਲਗਾਤਾਰ ਗੁਲੂਕੋਜ਼ ਨਿਗਰਾਨੀ (ਸੀ. ਜੀ. ਐੱਮ.) ਇਕ ਉੱਨਤ ਤਕਨੀਕ ਹੈ, ਜੋ ਵਾਰ-ਵਾਰ ਉਂਗਲ ’ਚ ਪਿੰਨ ਮਾਰੇ ਬਿਨਾਂ ਹੀ ਅਸਲ ਸਮੇਂ ’ਚ ਰੀਡਿੰਗ ਦਿੰਦੀ ਹੈ।
